ਟ੍ਰਿਬਿਊਨ ਚੌਕ ’ਤੇ ਫਲਾਈਓਵਰ ਤੇ ਅੰਡਰਪਾਸ ਉਸਾਰਨ ਲਈ ਨੀਂਹ-ਪੱਥਰ ਰੱਖਿਆ

04

March

2019

ਚੰਡੀਗੜ੍ਹ, ਲੋਕ ਸਭਾ ਚੋਣਾਂ ਸਬੰਧੀ ਜ਼ਾਬਤਾ ਲੱਗਣ ਦੇ ਅਸਾਰ ਬਣਦਿਆਂ ਹੀ ਚੰਡੀਗੜ੍ਹ ਵਿਚ ਕਈ ਸਾਲਾਂ ਤੋਂ ਰੁਕੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ-ਪੱਥਰ ਰੱਖਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸੇ ਦੌਰਾਨ ਅੱਜ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਤੇ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਟ੍ਰਿਬਿਊਨ ਚੌਕ ’ਤੇ ਫਲਾਈਓਵਰ ਅਤੇ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ ਅਤੇ ਮਲੋਆ ਵਿਚ ਪਰਵਾਸੀ ਮਜ਼ਦੂਰਾਂ ਲਈ ਮੁੜ ਵਸੇਬਾ ਸਕੀਮ ਤਹਿਤ ਉਸਾਰੇ 4960 ਫਲੈਟਾਂ ਦੀਆਂ ਚਾਬੀਆਂ ਅਲਾਟੀਆਂ ਨੂੰ ਸੌਂਪੀਆਂ। ਸ੍ਰੀ ਬਦਨੌਰ ਨੇ ਸੈਕਟਰ-31 ਵਾਲੀ ਸਾਈਡ ਟ੍ਰਿਬਿਊਨ ਚੌਕ ’ਤੇ ਫਲਾਈਓਵਰ ਤੇ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ। ਸ੍ਰੀ ਬਦਨੌਰ ਨੀਂਹ ਪੱਥਰ ਰਖ ਕੇ ਚਲੇ ਗਏ ਅਤੇ ਬਾਅਦ ਵਿਚ ਕਿਰਨ ਖੇਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਜੇੋਕਟ ਚੰਡੀਗੜ੍ਹ ਲਈ ਬੜਾ ਅਹਿਮ ਹੈ ਕਿਉਂਕਿ ਟ੍ਰਿਬਿਊਨ ਚੌਕ ’ਤੇ ਕਈ ਸਾਲਾਂ ਤੋਂ ਟਰੈਫਿਕ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਿਚ ਮੈਟਰੋ ਚਲਾਉਣ ਦੇ ਹੱਕ ਵਿਚ ਨਹੀਂ ਹਨ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਕੇਂਦਰ ਸਰਕਾਰ ਨੇ ਇਸ ਪ੍ਰੋਜੇਕਟ ਦੀ ਤਜਵੀਜ਼ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਟਰੋ ਨਾਲ ਸਾਰੇ ਸ਼ਹਿਰ ਦੀ ਖੁਦਾਈ ਹੋਵੇਗੀ, ਜਿਸ ਨਾਲ ਚੰਡੀਗੜ੍ਹ ਦੀ ਸੁੰਦਰਤਾ ਅਤੇ ਵਾਤਾਵਰਣ ਉਪਰ ਮਾੜਾ ਅਸਰ ਪਵੇਗਾ। ਉਨਾਂ ਕਿਹਾ ਕਿ ਮੈਟਰੋ ਪ੍ਰੋਜੈਕਟ 14,000 ਕਰੋੜ ਰੁਪਏ ਨਾਲ ਬਣੇਗਾ ਜੋ ਕਿ ਬੜਾ ਮਹਿੰਗਾ ਪਵੇਗਾ। ਉਨ੍ਹਾਂ ਲੇ ਮੋਨੋ ਰੇਲ ਦੀ ਵਕਾਲਤ ਕਰਦਿਆਂ ਕਿਹਾ ਕਿ ਇਲੈਕਟ੍ਰਿਕ ਬੱਸਾਂ ਵੀ ਸ਼ਹਿਰ ਦੀ ਆਵਾਜਾਈ ਲਈ ਸਹਾਈ ਸਿੱਧ ਹੋ ਸਕਦੀਆਂ ਹਨ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ-5 ਉਪਰ ਬਣਨ ਵਾਲਾ ਇਹ ਪ੍ਰੋਜੈਕਟ 183.74 ਕਰੋੜ ਦੀ ਲਾਗਤ ਨਾਲ 15 ਮਹੀਨਿਆਂ ਵਿਚ ਉਸਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੈਂਡਰ ਲੱਗ ਗਏ ਹਨ ਅਤੇ ਜਲਦ ਹੀ ਇਸ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੀ ਉਸਾਰੀ ਕਰਨ ਤੋਂ ਪਹਿਲਾਂ ਇਸ ਚੌਕ ਦੀ ਆਵਾਜਾਈ ਨੂੰ ਬਦਲਵੇਂ ਢੰਗ ਨਾਲ ਚਲਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਫਲਾਈਓਵਰ ਦੇ ਨੀਂਹ-ਪੱਥਰ ਤੋਂ ਪਹਿਲਾਂ ਅੱਜ ਸਵੇਰੇ ਸ੍ਰੀ ਬਦਨੌਰ ਨੇ ਮਲੋਆ ਵਿਚ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮੁੜ ਵਸੇਬਾ ਸਕੀਮ ਤਹਿਤ ਉਸਾਰੇ 4960 ਫਲੈਟਾਂ ਦੇ ਕੰਪਲੈਕਸ ਦਾ ਉਦਘਾਟਨ ਕੀਤਾ। ਸ੍ਰੀ ਬਦਨੌਰ ਸਮਾਗਮ ਵਿਚੋਂ ਜਲਦੀ ਹੀ ਵਾਪਸ ਮੁੜ ਗਏ ਅਤੇ ਅਲਾਟੀਆਂ ਨੂੰ ਚਾਬੀਆਂ ਵੰਡਣ ਦੀ ਰਸਮ ਕਿਰਨ ਖੇਰ ਨੇ ਨਿਭਾਈ। ਉਨ੍ਹਾਂ ਨੇ ਇਸ ਨਵੇਂ ਕੰਪਲੈਕਸ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ 20 ਲੱਖ ਰੁਪਏ ਖੇਡਾਂ ਦੇ ਸਾਮਾਨ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਵਿੱਤ ਸਕੱਤਰ ਅਜੈ ਕੁਮਾਰ ਸਿਨਹਾ, ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ, ਨਗਰ ਨਿਗਮ ਦੇ ਕਮਿਸ਼ਨਰ ਕੇਕੇ ਯਾਦਵ, ਡੀਜੀਪੀ ਸੰਜੈ ਬੈਨੀਵਾਲ, ਆਈਜੀ ਡਾ. ਓਪੀ ਮਿਸ਼ਰਾ, ਐੱਸਐੱਸਪੀ ਨੀਲਾਂਬਰੀ ਵਿਜੈ ਜਗਦਲੇ, ਵਧੀਕ ਡਾਇਰੈਕਟਰ ਐੱਸਐੱਸ ਨਾਹਰ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਹਾਜ਼ਰ ਸਨ।