ਸਿਹਤ ਮੰਤਰੀ ਦੇ ਭਰੋਸੇ ਮਗਰੋਂ ਨਰਸਾਂ ਤੇ ਹੋਰ ਮੁਲਾਜ਼ਮਾਂ ਦੀ ਹੜਤਾਲ ਖਤਮ

03

March

2019

ਪਟਿਆਲਾ, ਨਰਸਿਜ਼, ਐਨਸਿਲਰੀ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀ ਹੜਤਾਲ ਤੇ ਧਰਨਾ ਅੱਜ ਸਮਾਪਤ ਹੋ ਗਏ। ਛੱਬੀ ਦਿਨ ਪੁਰਾਣੀ ਇਹ ਹੜਤਾਲ਼ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਦਿੱਤੇ ਗਏ ਲਿਖਤੀ ਭਰੋਸੇ ਮਗਰੋਂ ਸਮਾਪਤ ਕੀਤੀ ਗਈ। ਮੰਤਰੀ ਨੇ ਇਨ੍ਹਾਂ 956 ਮੁਲਾਜ਼ਮਾਂ ਦੀਆਂ ਸੇਵਾਵਾਂ 7 ਮਾਰਚ ਤੱਕ ਰੈਗੂਲਰ ਕਰਨ ਸਬੰਧੀ ਲਿਖਤੀ ਜਾਣਕਾਰੀ ਦਿੱਤੀ ਜਿਸ ਮਗਰੋਂ ਕਈ ਦਿਨ ਦੇ ਚਲ ਰਹੇ ਰੇੜਕੇ ਦਾ ਹੱਲ ਹੋਇਆ। ਜ਼ਿਕਰਯੋਗ ਹੈ ਕਿ ਰਾਜਿੰਦਰਾ ਤੇ ਟੀ.ਬੀ ਹਸਪਤਾਲ, ਮੈਡੀਕਲ ਕਾਲਜ ਪਟਿਆਲਾ, ਗੁਰੂ ਨਾਨਕ ਦੇਵ ਹਸਪਤਾਲ਼ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਸਬੰਧਿਤ ਨਰਸਿਜ਼ ਅਤੇ ਐਨਸਿਲਰੀ ਸਟਾਫ਼ 2009 ਤੋਂ ਜਦਕਿ ਚੌਥਾ ਦਰਜਾ ਮੁਲਾਜ਼ਮ 2006 ਤੋਂ ਠੇਕੇ ’ਤੇ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ 5 ਫਰਵਰੀ ਤੋਂ ਹੜਤਾਲ ਕਰਕੇ ਰਾਜਿੰਦਰਾ ਹਸਪਤਾਲ ਵਿਚ ਪੱਕਾ ਧਰਨਾ ਮਾਰਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਧਰਨਾ ਦੇ ਰਹੀ ਐਸੋਸੀਏਸ਼ਨ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਅਤੇ ਬਲਜੀਤ ਕੌਰ ਖਾਲਸਾ ਨੇ ਮਮਟੀ ਤੋਂ ਛਾਲ਼ ਮਾਰ ਦਿੱਤੀ ਸੀ। ਇਨ੍ਹਾਂ ਹੜਤਾਲ਼ੀ ਮੁਲਾਜ਼ਮਾਂ ਨੇ ਅੱਜ ਸਵੇਰ ਤੋਂ ਹੀ ਹਸਪਤਾਲ ਦੇ ਬਾਹਰ ਨੈਸ਼ਨਲ ਹਾਈਵੇਅ ’ਤੇ ਧਰਨਾ ਮਾਰਿਆ ਹੋਇਆ ਸੀ ਜਿਸ ਦੌਰਾਨ ਭੁਪਿੰਦਰ ਕੌਰ, ਸਰਬਜੀਤ ਕੌਰ ਭੁੱਲਰ, ਕਾਕਾ ਸਿੰਘ ਪਹਾੜੀਪੁਰ ਤੇ ਹੋਰ ਆਗੂ ਵੀ ਸ਼ਾਮਲ ਸਨ। ਉਧਰ ਸ਼ਾਮੀਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਮੁਲਾਜ਼ਮਾਂ ਦੇ ਵਫ਼ਦ ਨਾਲ਼ ਮੀਟਿੰਗ ਕਰਕੇ ਦੱਸਿਆ ਕਿ 751 ਨਰਸਿਜ਼, 75 ਐਨਸਿਲਰੀ ਅਤੇ 130 ਚੌਥਾ ਦਰਜਾ ਮੁਲਾਜ਼ਮਾਂ ਦੀਆਂ ਸੇਵਾਵਾਂ 7 ਮਾਰਚ ਤੱਕ ਰੈਗੂਲਰ ਕਰਨ ਸਬੰਧੀ ਅੱਜ ਕੈਬਨਿਟ ਮੀਟਿੰਗ ਵਿਚ ਫੈਸਲਾ ਲੈ ਲਿਆ ਗਿਆ ਹੈ। ਮੰਤਰੀ ਵੱਲੋਂ ਇਹ ਜਾਣਕਾਰੀ ਲਿਖਤੀ ਰੂਪ ’ਚ ਦੇਣ ਉਪਰੰਤ ਹੜਤਾਲ਼ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਮੀਟਿੰਗ ਵਿਚ ਐਸੋਸੀਏਸ਼ਨ ਦੀ ਚੇਅਰਪਰਸਨ ਸੰਦੀਪ ਕੌਰ ਬਰਨਾਲ਼ਾ, ਰਾਜੇਸ਼ ਕੁਮਾਰ, ਮਨਪ੍ਰੀਤ ਕੌਰ ਖਾਲਸਾ, ਗੁਰਪ੍ਰੀਤ ਕੌਰ ਜਸਧੌਰ, ਮਨਪ੍ਰੀਤ ਕੌਰ, ਹਰਜੀਤ ਕੌਰ ਤੇ ਮਨਪ੍ਰੀਤ ਭੱਟੀ ਸ਼ਾਮਲ ਸਨ। ਇਸ ਦੌਰਾਨ ਅਧਿਕਾਰੀਆਂ ਵਿਚੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸਐਸਪੀ ਮਨਦੀਪ ਸਿੱਧੂ, ਏ.ਡੀ.ਸੀ ਪੂਨਮਦੀਪ ਕੌਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਹਰਜਿੰਦਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਰਾਜਨ ਸਿੰਗਲਾ ਅਤੇ ਡੀਪੀਆਰਓ ਇਸ਼ਵਿੰਦਰ ਗਰੇਵਾਲ਼ ਵੀ ਸ਼ਾਮਲ ਸਨ।