ਬੇਮਿਸਾਲ ਸੇਵਾਵਾਂ ਨਿਭਾਅ ਰਹੇ ਨੇ ਪੀਜੀਆਈ ਦੇ ਡਾਕਟਰ: ਰਾਣਾ ਕੇਪੀ

03

March

2019

ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਥਾਨਕ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਚ ਕੌਮਾਂਤਰੀ ਕਾਨਫਰੰਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੀਜੀਆਈ ਨਾ ਸਿਰਫ ਚੰਡੀਗੜ੍ਹ ਤੇ ਪੰਜਾਬ ਸਗੋਂ ਗੁਆਂਢੀ ਸੂਬਿਆਂ ਲਈ ਵੀ ਵਰਦਾਨ ਸਾਬਤ ਹੋ ਰਿਹਾ ਹੈ। ਪੀਜੀਆਈ ਦੇ ਹੈਪਾਟੋਲੋਜੀ ਵਿਭਾਗ ਵੱਲੋਂ ਕਰਵਾਈ ਕਾਨਫਰੰਸ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸਦਕਾ ਜੋ ਹਸਪਤਾਲ ਇੱਥੇ ਸਥਾਪਤ ਕੀਤਾ ਗਿਆ ਸੀ, ਉਸ ਦਾ ਲਾਭ ਪੰਜਾਬ ਦੇ ਨਾਲ-ਨਾਲ ਨੇੜਲੇ ਸੂਬਿਆਂ ਨੂੰ ਵੀ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕਾਨਫਰੰਸ ਜਿਗਰ ਨਾਲ ਸਬੰਧਤ ਗੁੰਝਲਦਾਰ ਬਿਮਾਰੀਆਂ ਦੇ ਨਵੇਂ ਤੇ ਸੁਖਾਲੇ ਇਲਾਜ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਪੀਜੀਆਈ ਵਿਚ ਵਰਕਲੋਡ ਜ਼ਿਆਦਾ ਹੈ ਪਰ ਫੇਰ ਵੀ ਅਦਾਰੇ ਦੇ ਡਾਕਟਰ ਬੇਮਿਸਾਲ ਸੇਵਾਵਾਂ ਨਿਭਾਅ ਰਹੇ ਹਨ। ਉਹ 24 ਘੰਟੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਦੇ ਇਸ ਵਾਧੂ ਬੋਝ ਨੂੰ ਘਟਾਉਣ ਲਈ ਨੇੜਲੇ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪੀਜੀਆਈ ਦੇ ਡਾਕਟਰ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਜ਼ਿਆਦਾ ਸਮਾਂ ਜੁਟਾ ਸਕਣ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਇਸ ਖਿੱਤੇ ਨੂੰ ਅਤਿ-ਆਧੁਨਿਕ ਟਾਟਾ ਕੈਂਸਰ ਸੈਂਟਰ ਦੇ ਕੇ ਦਿਆਲਤਾ ਦਾ ਕੰਮ ਕੀਤਾ ਹੈ। ਇਹ ਆਧੁਨਿਕ ਸੈਂਟਰ ਬਹੁਤ ਜਲਦ ਕਾਰਜਸ਼ੀਲ ਹੋ ਜਾਵੇਗਾ ਜਿਸ ਨਾਲ ਪੀਜੀਆਈ ਦੇ ਕੈਂਸਰ ਵਿਭਾਗ ’ਤੇ ਵਾਧੂ ਬੋਝ ਘਟੇਗਾ। ਸਾਰੰਗਪੁਰ ਵਿਚ ਸ਼ੁਰੂ ਹੋਣ ਵਾਲੇ ਪੀਜੀਆਈ ਦੇ ਓਪੀਡੀ ਸੈਂਟਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਨਾਲ ਸੂਬੇ ਦੇ ਲੋਕਾਂ ਨੂੰ ਭਾਰੀ ਫਾਇਦਾ ਹੋਵੇਗਾ।