ਅਦਾਕਾਰੀ ਤੋਂ ਫ਼ਿਲਮ ਨਿਰਮਾਣ ਵੱਲ

25

September

2018

ਕੁਝ ਨਵਾਂ ਅਤੇ ਅਲੱਗ ਕਰਨ ਦੀ ਖ਼ੁਆਹਿਸ਼ ਸਭ ਦੇ ਮਨ ਵਿੱਚ ਹੁੰਦੀ ਹੈ। ਜਦੋਂ ਇਹ ਖ਼ੁਆਹਿਸ਼ ਆਪਣੇ ਕਾਰੋਬਾਰ ਦੇ ਹੀ ਕਿਸੇ ਪਹਿਲੂ ਨਾਲ ਜੁੜੀ ਹੋਵੇ ਤਾਂ ਸਹੀ ਸਮੇਂ ਅਤੇ ਮੌਕੇ ਦੀ ਤਲਾਸ਼ ਹੁੰਦੀ ਹੈ। ਅਜਿਹੇ ਹੀ ਸਹੀ ਮੌਕੇ ਅਤੇ ਸਮੇਂ ਦਾ ਲਾਭ ਉਠਾਉਂਦੇ ਹੋਏ ਕਈ ਅਭਿਨੇਤਰੀਆਂ ਨੇ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਦੀ ਕਮਾਨ ਸੰਭਾਲ ਲਈ ਹੈ। ਹਾਲਾਂਕਿ ਅਜੇ ਦੇਵਗਨ ਅਤੇ ਆਮਿਰ ਖ਼ਾਨ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਅਭਿਨੇਤਾਵਾਂ ਨੇ ਨਿਰਦੇਸ਼ਨ ਤੋਂ ਜ਼ਿਆਦਾ ਫ਼ਿਲਮ ਨਿਰਮਾਣ ਵਿੱਚ ਰੁਚੀ ਦਿਖਾਈ ਹੈ। ਇਸ ਵਿੱਚ ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਸਲਮਾਨ ਖ਼ਾਨ, ਰਿਤੇਸ਼ ਦੇਸ਼ਮੁਖ, ਜੌਹਨ ਅਬਰਾਹਮ ਵਰਗੇ ਕਈ ਹੋਰ ਨਾਂ ਸ਼ਾਮਲ ਹਨ। ਅਕਾਂਖਿਆਵਾਦੀ, ਸਾਹਸੀ ਅਤੇ ਰਚਨਾਤਮਕ ਅਭਿਨੇਤਰੀਆਂ ਵੀ ਅਭਿਨੇਤਾਵਾਂ ਦੀ ਤਰ੍ਹਾਂ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਮਾਣ ਦੇ ਵਿਭਿੰਨ ਪਹਿਲੂਆਂ ਨਾਲ ਜੁੜਨ ਲਈ ਤਿਆਰ ਰਹਿੰਦੀਆਂ ਹਨ। ਸਹੀ ਸਮਾਂ ਅਤੇ ਮੌਕਾ ਮਿਲਦੇ ਹੀ ਉਹ ਵੀ ਫ਼ਿਲਮ ਨਿਰਮਾਣ ਵਿੱਚ ਆਪਣੀ ਕਿਸਮਤ ਅਜ਼ਮਾਉਣ ਤੋਂ ਨਹੀਂ ਖੁੰਝਦੀਆਂ। ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਅਦਾਕਾਰੀ ਤੋਂ ਇਲਾਵਾ ਕੁਝ ਨਵਾਂ ਅਤੇ ਅਲੱਗ ਕਰਨਾ ਚਾਹੁੰਦੀ ਸੀ। ਅਜਿਹੇ ਵਿੱਚ ਜਦੋਂ ਅਨੁਸ਼ਕਾ ਨੂੰ ਸਹੀ ਸਮਾਂ ਮਿਲਿਆ ਤਾਂ ਉਸਨੇ ਤੁਰੰਤ ਫ਼ਿਲਮ ਨਿਰਮਾਤਾ ਬਣਨ ਦਾ ਫ਼ੈਸਲਾ ਕਰ ਲਿਆ ਅਤੇ ਨਵਦੀਪ ਸਿੰਘ ਦੀ ਫ਼ਿਲਮ ‘ਐੱਨ ਐੱਚ 10’ ਦੇ ਨਿਰਮਾਣ ਦੀ ਕਮਾਨ ਸੰਭਾਲ ਲਈ। ਬੇਹੱਦ ਘੱਟ ਵਕਫ਼ੇ ਵਿੱਚ ਅਨੁਸ਼ਕਾ ਨੇ ਅਭਿਨੇਤਰੀ ਤੋਂ ਫ਼ਿਲਮ ਨਿਰਮਾਤਾ ਬਣਨ ਦਾ ਸਾਹਸੀ ਸਫਰ ਤੈਅ ਕਰ ਲਿਆ ਹੈ। ਉਸਨੇ ਆਪਣੀ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ, ‘ਮੈਂ ਬੇਹੱਦ ਖ਼ੁਸ਼ ਹਾਂ ਕਿ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਮੈਨੂੰ ਨਿਰਮਾਤਾ ਬਣਨ ਦਾ ਮੌਕਾ ਮਿਲਿਆ ਹੈ।’ ਬਤੌਰ ਨਿਰਮਾਤਾ ਅਨੁਸ਼ਕਾ ਦੀਆਂ ਤਿੰਨ ਫ਼ਿਲਮਾਂ ‘ਐੱਨ ਐੱਚ 10’, ‘ਫਿਲੌਰੀ’ ਅਤੇ ‘ਪਰੀ’ ਰਿਲੀਜ਼ ਹੋ ਚੁੱਕੀਆਂ ਹਨ। ਦੀਆ ਮਿਰਜ਼ਾ ਅਭਿਨੇਤਰੀ ਦੇ ਰੂਪ ਵਿੱਚ ਆਪਣੇ ਫ਼ਿਲਮੀ ਕਰੀਅਰ ਤੋਂ ਨਿਰਾਸ਼ ਦੀਆ ਮਿਰਜ਼ਾ ਨੇ ਜਦੋਂ ਫ਼ਿਲਮ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਤਾਂ ਉਸਦੇ ਚਿਹਰੇ ’ਤੇ ਆਕਰਸ਼ਕ ਮੁਸਕਾਨ ਵਾਪਸ ਆ ਗਈ। ਉਸਨੇ ਫ਼ਿਲਮ ਨਿਰਮਾਤਾ ਦੇ ਰੂਪ ਵਿੱਚ ਆਪਣੀ ਦੂਜੀ ਫ਼ਿਲਮ ਦੇ ਰੂਪ ਵਿੱਚ ‘ਬੌਬੀ ਜਾਸੂਸ’ ਨੂੰ ਚੁਣਿਆ। ਬਤੌਰ ਨਿਰਮਾਤਾ ਉਸਦੀ ਪਹਿਲੀ ਫ਼ਿਲਮ ‘ਲਵ ਬ੍ਰੇਕਅਪ ਜ਼ਿੰਦਗੀ’ ਸੀ ਜੋ ਟਿਕਟ ਖਿੜਕੀ ’ਤੇ ਕਮਾਲ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦਾ ਨਿਰਮਾਣ ਦੀਆ ਨੇ ਜ਼ਾਏਦ ਖ਼ਾਨ ਨਾਲ ਮਿਲਕੇ ਕੀਤਾ ਸੀ ਅਤੇ ਉਸ ਵਿੱਚ ਉਸਨੇ ਅਭਿਨੈ ਵੀ ਕੀਤਾ ਸੀ। ਅਦਾਕਾਰੀ ਤੋਂ ਦੂਰੀ ਕਾਇਮ ਕਰ ਚੁੱਕੀ ਸ਼ਿਲਪਾ ਸ਼ੈਟੀ ਨੇ ਵੀ ‘ਡਿਸ਼ਕਿਆਂਊਂ’ ਨਾਲ ਫ਼ਿਲਮ ਨਿਰਮਾਣ ਵਿੱਚ ਆਪਣੀ ਕਿਸਮਤ ਅਜ਼ਮਾਈ। ਉਸਨੂੰ ਲੱਗਿਆ ਸੀ ਕਿ ਫ਼ਿਲਮਾਂ ਵਿੱਚ ਅਦਾਕਾਰੀ ਦਾ ਮੌਕਾ ਨਹੀਂ ਮਿਲ ਰਿਹਾ ਤਾਂ ਅਜਿਹੇ ਵਿੱਚ ਉਹ ਕਿਉਂ ਨਾ ਫ਼ਿਲਮ ਨਿਰਮਾਣ ਵਿੱਚ ਆਪਣੀ ਕਿਸਮਤ ਚਮਕਾਏ, ਪਰ ਅਜਿਹਾ ਨਹੀਂ ਹੋਇਆ ਅਤੇ ਉਸਦੀ ਫ਼ਿਲਮ ਟਿਕਟ ਖਿੜਕੀ ’ਤੇ ਫਲਾਪ ਹੋ ਗਈ। ਉਸਨੇ ਮਾੜੀ ਸ਼ੁਰੂਆਤ ਦੇ ਬਾਵਜੂਦ ਫ਼ਿਲਮ ਨਿਰਮਾਣ ਵਿੱਚ ਆਪਣੀ ਸਰਗਰਮੀ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ। ਅਨੁਸ਼ਕਾ ਸ਼ਰਮਾ ਆਪਣੇ ਅਦਾਕਾਰੀ ਕਰੀਅਰ ਨੂੰ ਮੁੜ ਤੋਂ ਸੰਵਾਰਨ ਦੇ ਉਦੇਸ਼ ਨਾਲ ਪ੍ਰੀਤੀ ਜ਼ਿੰਟਾ ਨੇ ਫ਼ਿਲਮ ਨਿਰਮਾਤਾ ਬਣਨ ਦਾ ਫ਼ੈਸਲਾ ਕੀਤਾ ਅਤੇ ‘ਇਸ਼ਕ ਇਨ ਪੈਰਿਸ’ ਬਣਾਈ। ਇਸ ਵਿੱਚ ਉਸਨੇ ਅਦਾਕਾਰੀ ਵੀ ਕੀਤੀ, ਪਰ ਇਹ ਫ਼ਿਲਮ ਅਸਫਲ ਰਹੀ। ਇਸ ਨਾਲ ਉਸਦਾ ਅਦਾਕਾਰੀ ਕਰੀਅਰ ਤਾਂ ਮੁੜ ਨਹੀਂ ਚਮਕਿਆ, ਪਰ ਇਸ ਨਾਲ ਫ਼ਿਲਮ ਨਿਰਮਾਣ ਵਿੱਚ ਉਸਦੀ ਪਛਾਣ ਨੂੰ ਨਵੀਂ ਦਿਸ਼ਾ ਜ਼ਰੂਰ ਮਿਲੀ ਹੈ। ਉੱਧਰ ਅਮੀਸ਼ਾ ਪਟੇਲ ਨੇ ਵੀ ਅਭਿਨੇਤਰੀ ਦੇ ਰੂਪ ਵਿੱਚ ਖ਼ੁਦ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਫ਼ੈਸਲੇ ਤਹਿਤ ਉਹ ਹੁਣ ਫ਼ਿਲਮ ਨਿਰਮਾਤਾ ਬਣ ਚੁੱਕੀ ਹੈ। ‘ਦੇਸੀ ਮੈਜਿਕ’ ਨਾਲ ਫ਼ਿਲਮ ਨਿਰਮਾਣ ਵਿੱਚ ਕਦਮ ਰੱਖ ਰਹੀ ਅਮੀਸ਼ਾ ਕਹਿੰਦੀ ਹੈ, ‘ਹਰ ਕੋਈ ਆਪਣੀ ਜ਼ਿੰਦਗੀ ਵਿੱਚ ਅਜਿਹੇ ਪੜਾਅ ਵਿੱਚੋਂ ਗੁਜ਼ਰਦਾ ਹੈ ਜਿੱਥੇ ਤਬਦੀਲੀ ਨਿਸ਼ਚਤ ਹੁੰਦੀ ਹੈ। ਜੇਕਰ ਤੁਸੀਂ ਨਹੀਂ ਬਦਲਦੇ ਤਾਂ ਤੁਸੀਂ ਸਮੇਂ ਨਾਲ ਨਹੀਂ ਚੱਲ ਸਕਦੇ। ਜੇਕਰ ਤੁਸੀਂ ਨਵਾਂਪਣ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਤੁਸੀਂ ਅਕਿਰਿਆਸ਼ੀਲ ਹੋ ਜਾਂਦੇ ਹੋ।’ ‘ਦੇਸੀ ਮੈਜਿਕ’ ਵਿੱਚ ਅਮੀਸ਼ਾ ਨਾਲ ਅਭਿਨੇਤਾ ਜ਼ਾਏਦ ਖ਼ਾਨ ਅਤੇ ਰਣਧੀਰ ਕਪੂਰ ਨਜ਼ਰ ਆਉਣਗੇ। ਚਿਤਰਾਂਗਦਾ ਸਿੰਘ ਨੇ ਵੀ ਪਿਛਲੇ ਦਿਨਾਂ ਵਿੱਚ ਰਿਲੀਜ਼ ਹੋਈ ‘ਸੂਰਮਾ’ ਨਾਲ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਕਦਮ ਰੱਖਿਆ ਹੈ। ਅਜਿਹਾ ਨਹੀਂ ਹੈ ਕਿ ਅਸਫਲ ਅਦਾਕਾਰੀ ਕਰੀਅਰ ਤੋਂ ਨਿਰਾਸ਼ ਹੋ ਕੇ ਹੀ ਅਭਿਨੇਤਰੀਆਂ ਫ਼ਿਲਮ ਨਿਰਮਾਣ ਵੱਲ ਰੁਖ਼ ਕਰਦੀਆਂ ਹਨ। ‘ਦਿਲ ਕਾ ਰਿਸ਼ਤਾ’ ਨਾਲ ਐਸ਼ਵਰਿਆ ਰਾਏ ਨੇ ਉਦੋਂ ਫ਼ਿਲਮ ਨਿਰਮਾਣ ਵਿੱਚ ਆਪਣੀ ਕਿਸਮਤ ਅਜ਼ਮਾਈ ਜਦੋਂ ਉਹ ਸਫਲਤਾ ਦੇ ਸਿਖਰ ’ਤੇ ਸੀ। ਜੂਹੀ ਚਾਵਲਾ ਨੇ ਵੀ ਸਫਲਤਾ ਦੇ ਕਈ ਪੜਾਅ ਪਾਰ ਕਰਕੇ ਸ਼ਾਹਰੁਖ਼ ਖ਼ਾਨ ਨਾਲ ਮਿਲਕੇ ਫ਼ਿਲਮ ਨਿਰਮਾਣ ਸ਼ੁਰੂ ਕੀਤਾ। ਟਵਿੰਕਲ ਖੰਨਾ ਨੇ ਹਿੱਟ ਰਹੀ ਫ਼ਿਲਮ ‘ਪੈਡਮੈਨ’ ਨਾਲ ਫ਼ਿਲਮ ਨਿਰਮਾਣ ਵਿੱਚ ਕਦਮ ਰੰਖਿਆ ਹੈ। ਪ੍ਰਿਅੰਕਾ ਚੋਪੜਾ ਨੇ ਵੀ ਕੁਝ ਨਵਾਂ, ਅਲੱਗ ਅਤੇ ਚੁਣੌਤੀਪੂਰਨ ਕਰਨ ਲਈ ਆਪਣੀ ਫ਼ਿਲਮ ਨਿਰਮਾਣ ਕੰਪਨੀ ਦੀ ਸਥਾਪਨਾ ਕੀਤੀ ਅਤੇ ਉਸਦੇ ਬੈਨਰ ਹੇਠ ਕਈ ਖੇਤਰੀ ਭਾਸ਼ਾ ਦੀਆਂ ਫ਼ਿਲਮਾਂ ਦਾ ਸਫਲ ਨਿਰਮਾਣ ਕੀਤਾ। ਪ੍ਰਿਅੰਕਾ ਨਿਰਮਤ ਮਰਾਠੀ ਫ਼ਿਲਮ ‘ਵੈਂਟੀਲੇਟਰ’ ਨੂੰ ਤਿੰਨ ਸ਼੍ਰੇਣੀਆਂ ਵਿੱਚ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਉਪਲੱਬਧੀ ’ਤੇ ਆਪਣੀ ਖ਼ੁਸ਼ੀ ਪ੍ਰਗਟਾਉਂਦੇ ਹੋਏ ਪ੍ਰਿਅੰਕਾ ਨੇ ਕਿਹਾ, ‘ਅਸੀਂ ਕਾਫ਼ੀ ਖ਼ੁਸ਼ ਹਾਂ। ‘ਪਰਪਲ ਪੈਬਲ ਪਿਕਚਰਜ਼’ ਨੇ ਇੱਕ ਸੁਪਨਾ ਦੇਖਿਆ ਸੀ ਅਤੇ ਉਹ ਸੁਪਨਾ ਸੱਚ ਹੋ ਗਿਆ ਹੈ।’ ਅਨੁਸ਼ਕਾ ਅਤੇ ਪ੍ਰਿਅੰਕਾ ਤੋਂ ਪ੍ਰੇਰਿਤ ਹੋ ਕੇ ਦੀਪਿਕਾ ਪਾਦੁਕੋਣ ਵੀ ਆਪਣੇ ਕਰੀਅਰ ਵਿੱਚ ਇੱਕ ਨਵੇਂ ਮੋੜ ਲਈ ਤਿਆਰ ਹੈ। ਉਹ ਹੁਣ ਬਤੌਰ ਨਿਰਮਾਤਾ ਵੀ ਖ਼ੁਦ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ। ਇਸ ਸਮੇਂ ਉਹ ਆਪਣੇ ਪ੍ਰੋਡਕਸ਼ਨ ਹਾਊਸ ਦੀ ਸਥਾਪਨਾ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਇੱਕ ਫ਼ਿਲਮ ਦਾ ਨਿਰਮਾਣ ਸ਼ੁਰੂ ਕਰ ਦੇਏਗੀ। ਉਹ ਕਹਿੰਦੀ ਹੈ, ‘ਮੈਂ ਨਿਰਮਾਣ ਦੇ ਖੇਤਰ ਵਿੱਚ ਉਤਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਇੱਕ ਨਿਰਮਾਤਾ ਹੈ। ਮੈਂ ਇਸ ਲਈ ਨਿਰਮਾਤਾ ਨਹੀਂ ਬਣਨਾ ਚਾਹੁੰਦੀ ਕਿ ਮੈਨੂੰ ਪੈਸੇ ਕਮਾਉਣੇ ਹਨ।’ ਕੰਗਨਾ ਰਣੌਤ ਵੀ ‘ਮਣੀਕਰਣਿਕਾ’ ਨਾਲ ਫ਼ਿਲਮ ਨਿਰਮਾਣ ਵਿੱਚ ਕਦਮ ਰੱਖ ਚੁੱਕੀ ਹੈ। ਉਹ ਕਹਿੰਦੀ ਹੈ ‘ਫ਼ਿਲਮ ਨਿਰਮਾਣ ਦੀ ਤਕਨੀਕ ਮੈਨੂੰ ਬੇਹੱਦ ਲੁਭਾਉਂਦੀ ਹੈ। ਮੇਰੇ ਲਈ ਫ਼ਿਲਮ ਨਿਰਮਾਣ ਦੀ ਪ੍ਰਕਿਰਿਆ ਧਿਆਨ ਲਗਾਉਣ ਵਰਗੀ ਹੈ। ਮੈਂ ਇਸਨੂੰ ਬੇਹੱਦ ਪਸੰਦ ਕਰਦੀ ਹਾਂ।’ ਉਮੀਦ ਹੈ ਜਲਦੀ ਹੀ ਹਿੰਦੀ ਫ਼ਿਲਮੀ ਦੁਨੀਆਂ ਵਿੱਚ ਉਹ ਦੌਰ ਆਏਗਾ ਜਦੋਂ ਫ਼ਿਲਮ ਨਿਰਮਾਣ ਦੀ ਵਿਧਾ ਵਿੱਚ ਅਭਿਨੇਤਰੀਆਂ ਦੀ ਸਰਗਰਮੀ ਅਭਿਨੇਤਾਵਾਂ ਤੋਂ ਜ਼ਿਆਦਾ ਹੋਏਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਖ਼ੂਬਸੂਰਤੀ ਅਤੇ ਰਚਨਾਤਮਕਤਾ ਦਾ ਅਨੂਠਾ ਤਾਲਮੇਲ ਦੇਖਣਯੋਗ ਹੋਏਗਾ।