25
September
2018

ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਹ ਅਨੇਕਾਂ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਇਹ ਰਿਸ਼ਤੇ ਸਾਡੇ ਸਮਾਜਿਕ ਜੀਵਨ ਦਾ ਆਧਾਰ ਹਨ। ਹਰ ਰਿਸ਼ਤੇ ਦੀ ਆਪਣੀ ਇੱਕ ਪਰਿਭਾਸ਼ਾ ਹੈ, ਹਰ ਰਿਸ਼ਤੇ ਦਾ ਆਪਣਾ ਇੱਕ ਮਹੱਤਵ ਹੈ। ਰਿਸ਼ਤਿਆਂ ਦੀ ਮਾਲਾ ਵਿੱਚ ਅਨੇਕਾਂ ਹੀ ਖੱਟੇ-ਮਿੱਠੇ ਰਿਸ਼ਤੇ ਪਰੋਏ ਹੋਏ ਹੁੰਦੇ ਹਨ।
ਅਜਿਹੇ ਹੀ ਖੱਟੇ-ਮਿੱਠੇ ਅਨੁਭਵਾਂ ਨਾਲ ਭਰਪੂਰ ਰਿਸ਼ਤਾ ਹੈ- ਨਣਦ ਭਰਜਾਈ ਦਾ ਰਿਸ਼ਤਾ। ਜੇਕਰ ਇਸ ਰਿਸ਼ਤੇ ਵਿੱਚ ਸਮਝਦਾਰੀ ਤੇ ਪਿਆਰ ਹੋਵੇ ਤਾਂ ਇਸ ਰਿਸ਼ਤੇ ਜਿਹਾ ਪਿਆਰਾ ਰਿਸ਼ਤਾ ਹੋਰ ਕੋਈ ਨਹੀਂ, ਪਰ ਜੇਕਰ ਇਸ ਵਿੱਚ ਸਿਰਫ਼ ਈਰਖਾ ਤੇ ਨਫ਼ਰਤ ਹੋਵੇ ਤਾਂ ਘਰ ਵਿੱਚ ਕਾਟੋ ਕਲੇਸ਼ ਦਾ ਕਾਰਨ ਵੀ ਇਹੀ ਰਿਸ਼ਤਾ ਬਣਦਾ ਹੈ।
ਜਿਸ ਘਰ ਨਣਦ ਭਰਜਾਈ ਦੇ ਰਿਸ਼ਤੇ ਵਿੱਚ ਭੈਣਾਂ ਵਾਲਾ ਪਿਆਰ ਹੋਵੇ, ਸਹੇਲੀਆਂ ਵਾਂਗ ਉਹ ਇੱਕ ਦੂਸਰੇ ਨਾਲ ਦੁਖ-ਸੁਖ ਸਾਂਝੇ ਕਰਨ, ਇੱਕ ਦੂਸਰੇ ਦੇ ਦੁਖ-ਸੁਖ ਦੀਆਂ ਰਾਜ਼ਦਾਰ ਬਣਨ, ਉਹ ਘਰ ਸਵਰਗ ਬਣ ਜਾਂਦਾ ਹੈ। ਦੂਸਰੇ ਪਾਸੇ ਜੇਕਰ ਦੋਨੋਂ ਹਮੇਸ਼ਾਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਤਾਂ ਉਹੀ ਹੱਸਦਾ- ਵੱਸਦਾ ਘਰ ਨਰਕ ਬਣ ਜਾਂਦਾ ਹੈ। ਇਸ ਰਿਸ਼ਤੇ ਨੂੰ ਫੁੱਲਾਂ ਵਾਂਗ ਮਹਿਕਾਉਣਾ ਹੈ ਜਾਂ ਕੰਡਿਆਂ ਦੀ ਤਰ੍ਹਾਂ ਚੋਭਦਾਰ ਬਣਾਉਣਾ ਹੈ, ਇਸਦੀ ਜ਼ਿੰਮੇਵਾਰੀ ਨਣਦ-ਭਰਜਾਈ ਦੋਨਾਂ ਦੀ ਹੀ ਹੁੰਦੀ ਹੈ ਕਿਉਂਕਿ ਜੇ ਇੱਕ ਧਿਰ ਵੀ ਆਪਣੀ ਜ਼ਿੰਮੇਵਾਰੀ ਤੋਂ ਅਵੇਸਲੀ ਹੋ ਜਾਵੇ ਤਾਂ ਰਿਸ਼ਤਿਆਂ ਵਿਚਲਾ ਪਿਆਰ ਖ਼ਤਮ ਹੋ ਜਾਂਦਾ ਹੈ ਤੇ ਰਿਸ਼ਤੇ ਸਮਝੌਤੇ ਦਾ ਰੂਪ ਧਾਰਨ ਕਰ ਲੈਂਦੇ ਹਨ।
ਇੱਕ ਕੁੜੀ ਵਿਆਹ ਕੇ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸਨੂੰ ਸਭ ਤੋਂ ਵੱਧ ਸਹਾਰਾ ਆਪਣੀ ਨਣਦ ਦਾ ਹੀ ਹੁੰਦਾ ਹੈ ਕਿਉਂਕਿ ਸੱਸ ਉਮਰ ਤੇ ਅਹੁਦੇ ਵਿੱਚ ਉਸ ਤੋਂ ਵੱਡੀ ਹੋਣ ਕਰਕੇ ਉਹ ਹਰ ਗੱਲ ਉਸ ਨਾਲ ਸਾਂਝੀ ਨਹੀਂ ਕਰ ਸਕਦੀ, ਪਰ ਨਣਦ ਉਸਦੀ ਹਮ ਉਮਰ ਹੋਣ ਕਾਰਨ ਉਹ ਉਸ ਨਾਲ ਹਰ ਦੁੱਖ- ਸੁੱਖ ਫਰੋਲ ਸਕਦੀ ਹੈ। ਨਣਦ ਭਰਜਾਈ ਦਾ ਰਿਸ਼ਤਾ ਸਹੇਲੀਆਂ ਵਾਲਾ ਰਿਸ਼ਤਾ ਹੀ ਤਾਂ ਹੁੰਦਾ ਹੈ ਜਿੱਥੇ ਬੇਝਿਜਕ ਆਪਣੇ ਦਿਲ ਦੀ ਗੱਲ ਇੱਕ ਦੂਸਰੇ ਨੂੰ ਕਹਿ ਸਕਦੀਆਂ ਹਨ। ਜੇਕਰ ਥੋੜ੍ਹੀ ਜਿਹੀ ਸੂਝ – ਬੂਝ ਨਾਲ ਇਸ ਰਿਸ਼ਤੇ ਨੂੰ ਨਿਭਾਇਆ ਜਾਵੇ ਤਾਂ ਇਹ ਰਿਸ਼ਤਾ ਖ਼ੂਬਸੂਰਤ ਅਤੇ ਯਾਦਗਾਰ ਹੋ ਨਿਬੜਦਾ ਹੈ।
ਕਈ ਵਾਰ ਛੋਟੇ -ਛੋਟੇ ਕਾਰਨਾਂ ਕਰਕੇ ਇਸ ਰਿਸ਼ਤੇ ਵਿੱਚ ਕੁੜੱਤਣ ਆ ਜਾਂਦੀ ਹੈ। ਆਪਣੇ ਬਾਬਲ ਦੇ ਘਰ ਹਰ ਧੀ ਦੀ ਸਰਦਾਰੀ ਹੁੰਦੀ ਹੈ, ਪਰ ਜਦੋਂ ਬਾਬਲ ਦੇ ਵਿਹੜੇ ਨੂੰਹ ਧੀ ਬਣ ਕੇ ਆ ਜਾਵੇ ਤਾਂ ਧੀਆਂ ਨੂੰ ਉਹ ਸਰਦਾਰੀ ਭਰਜਾਈਆਂ ਨੂੰ ਦੇ ਦੇਣੀ ਚਾਹੀਦੀ ਹੈ ਕਿਉਂਕਿ ਹਰ ਧੀ ਨੇ ਇੱਕ ਨਾ ਇੱਕ ਦਿਨ ਬਾਬਲ ਦਾ ਘਰ ਛੱਡ ਪ੍ਰਦੇਸਣ ਹੋਣਾ ਹੀ ਹੁੰਦਾ ਹੈ। ਉਸ ਘਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਤਾਂ ਨੂੰਹ ਦੀ ਹੀ ਹੁੰਦੀ ਹੈ। ਇਸੇ ਲਈ ਜ਼ਰੂਰੀ ਹੈ ਕਿ ਨੂੰਹ ਨੂੰ ਉਸਦਾ ਬਣਦਾ ਮਾਣ- ਸਤਿਕਾਰ ਪਹਿਲਾਂ ਹੀ ਦੇ ਦਿੱਤਾ ਜਾਵੇ ਤਾਂ ਕਿ ਨਣਦ ਭਰਜਾਈ ਦੇ ਰਿਸ਼ਤੇ ਵਿੱਚ ਕੁੜੱਤਣ ਨਾ ਆਵੇ। ਸਾਡੇ ਲੋਕ ਗੀਤਾਂ ਵਿੱਚ ਵੀ ਇਸ ਗੱਲ ਦਾ ਵਰਣਨ ਹੈ ਕਿ ਜਿੱਥੇ ਨਣਦਾਂ ਦੀ ਮੁਖਤਿਆਰੀ ਹੁੰਦੀ ਹੈ, ਉੱਥੇ ਕਲੇਸ਼ ਹੀ ਰਹਿੰਦਾ ਹੈ:
ਜਿੱਥੇ ਨਣਦਾਂ ਦੀ ਸਰਦਾਰੀ
ਉਹ ਘਰ ਨਹੀਂ ਵੱਸਦੇ
ਇਸ ਤਰ੍ਹਾਂ ਭਰਜਾਈ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਨਣਦ ਚਾਹੇ ਛੋਟੀ ਹੋਵੇ ਜਾਂ ਵੱਡੀ ਉਸਨੂੰ ਪੂਰਾ ਪਿਆਰ ਸਤਿਕਾਰ ਦੇਵੇ। ਨਣਦ ਦੇ ਚਾਅ ਲਾਡ ਕਰੇ ਤਾਂ ਇਸ ਰਿਸ਼ਤੇ ਵਿੱਚ ਸ਼ਾਇਦ ਨਫ਼ਰਤ ਕਦੇ ਆਵੇ ਹੀ ਨਾ। ਕਈ ਵਾਰ ਘਰ ਦੇ ਛੋਟੇ ਛੋਟੇ ਕੰਮਾਂ ਨੂੰ ਲੈ ਕੇ ਨਣਦ ਭਰਜਾਈ ਦੀ ਆਪਸ ਵਿੱਚ ਨੋਕ ਝੋਕ ਹੁੰਦੀ ਰਹਿੰਦੀ ਹੈ। ਅਜਿਹੇ ਵਿੱਚ ਸੱਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਜੇਕਰ ਸੱਸ ਨੂੰਹ ਤੇ ਧੀ ਵਿੱਚ ਫ਼ਰਕ ਨਾ ਕਰੇ ਤੇ ਘਰ ਦੇ ਕੰਮ ਦੋਨਾਂ ਨੂੰ ਵੰਡ ਕੇ ਦੇ ਦੇਵੇ ਤਾਂ ਇਹ ਸਮੱਸਿਆ ਵੀ ਖ਼ਤਮ ਹੋ ਜਾਵੇਗੀ। ਜੇਕਰ ਘਰ ਵਿੱਚ ਨੂੰਹ ਨੂੰ ਧੀ ਵਾਂਗ ਪਿਆਰ ਦਿੱਤਾ ਜਾਵੇ ਤਾਂ ਨਣਦ ਭਰਜਾਈ ਆਪਣੇ ਆਪ ਦੋਨੋਂ ਭੈਣਾਂ ਵਾਂਗ ਰਹਿਣਗੀਆਂ। ਸੱਚ ਇਹੀ ਹੈ ਕਿ ਮਾਂ-ਬਾਪ ਤੋਂ ਬਾਅਦ ਪੇਕੇ ਭਰਾਵਾਂ- ਭਰਜਾਈਆਂ ਨਾਲ ਹੀ ਹੁੰਦੇ ਹਨ। ਜੇਕਰ ਰਿਸ਼ਤੇ ਵਿੱਚ ਪਿਆਰ ਹੋਵੇ ਤਾਂ ਪੇਕਿਆਂ ਦਾ ਸਾਥ ਸਦਾ ਸਲਾਮਤ ਰਹਿੰਦਾ ਹੈ ਤੇ ਜੇਕਰ ਨਣਦ ਭਰਜਾਈ ਦੇ ਰਿਸ਼ਤੇ ਵਿੱਚ ਕੁੜੱਤਣ ਆ ਜਾਵੇ ਤਾਂ ਭਰਾਵਾਂ ਦਾ ਸਾਥ ਵੀ ਹੌਲੀ-ਹੌਲੀ ਛੁੱਟ ਹੀ ਜਾਂਦਾ ਹੈ। ਅਸਲ ਵਿੱਚ ਪੇਕਾ ਘਰ ਹੁੰਦਾ ਹੀ ਭਰਜਾਈਆਂ ਨਾਲ ਹੈ। ਇਸੇ ਲਈ ਤਾਂ ਕਿਹਾ ਗਿਆ ਹੈ:
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ