ਤੇਜ਼ਾਬ ਹਮਲਾ: ਮਾਸੀ ਦੇ ਪੁੱਤ ਦਾ ਕਾਰਾ

03

February

2019

ਜਲੰਧਰ, ਕਮਿਸ਼ਨਰੇਟ ਪੁਲੀਸ ਨੇ 24 ਸਾਲਾ ਲੜਕੀ ’ਤੇ ਕੈਮੀਕਲ ਪਾਊਡਰ ਪਾਉਣ ਵਾਲੇ ਚਾਰ ਮੁਲਜ਼ਮਾਂ ਵਿਚੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਪੀੜਤ ਲੜਕੀ ਦੀ ਮਾਸੀ ਦਾ ਪੁੱਤ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ, ਜਸਵਿੰਦਰ ਸਿੰਘ ਤੇ ਮਨੀ ਵਜੋਂ ਹੋਈ ਹੈ। ਜਦਕਿ ਪ੍ਰੀਤ ਨਾਂ ਦਾ ਇਕ ਹੋਰ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਦੋ ਮੋਟਰਸਾਈਕਲ ਤੇ ਤਿੰਨ ਮੋਬਾਈਲ ਬਰਾਮਦ ਕੀਤੇ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੁਰਦੀਪ ਸਿੰਘ, ਫੌਜ ’ਚ ਨੌਕਰੀ ਕਰਦਾ ਹੈ ਤੇ ਉਹ ਲੜਕੀ ਨਾਲ ਸਬੰਧ ਬਣਾਉਣ ਦਾ ਇਛੁੱਕ ਸੀ। ਲੜਕੀ ਨੇ ਉਸ ਨਾਲ ਜਦੋਂ ਗੱਲਬਾਤ ਕਰਨੀ ਛੱਡ ਦਿੱਤੀ ਤਾਂ ਉਸ ਨੂੰ ਸਬਕ ਸਿਖਾਉਣ ਲਈ ਉਸ ’ਤੇ ਤੇਜ਼ਾਬੀ ਹਮਲਾ ਕਰਨ ਦੀ ਵਿਉਂਤ ਬਣਾਈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਗੁਰਦੀਪ ਨੇ ਆਪਣੇ ਇਕ ਹੋਰ ਰਿਸ਼ਤੇਦਾਰ ਜਸਵਿੰਦਰ ਨਾਲ ਮਿਲ ਕੇ ਲੁਧਿਆਣਾ ਵਿਚ ਕੰਮ ਕਰਦੇ ਦੋ ਜਣਿਆਂ ਨੂੰ ਤੇਜ਼ਾਬੀ ਹਮਲਾ ਕਰਨ ਲਈ 25 ਹਜ਼ਾਰ ਰੁਪਏ ਦੇਣੇ ਤੈਅ ਕੀਤੇ ਸਨ ਤੇ ਪੰਜ ਹਜ਼ਾਰ ਰੁਪਏ ਪੇਸ਼ਗੀ ਵਜੋਂ ਦਿੱਤੇ ਸਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ 30 ਜਨਵਰੀ ਨੂੰ ਪੀਏਪੀ ਚੌਕ ਵਿਚ ਤੇਜ਼ਾਬ ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਤਿੰਨ ਦਿਨ (26 ਜਨਵਰੀ ਤੋਂ 28 ਜਨਵਰੀ ਤੱਕ) ਲੜਕੀ ਦੀ ਰੇਕੀ ਕੀਤੀ। ਉਪਰੰਤ ਉਹ ਲੁਧਿਆਣੇ ਤੋਂ ਮੋਟਰਸਾਈਕਲਾਂ ’ਤੇ ਹੀ ਆਉਂਦੇ ਸਨ। ਮੁਲਜ਼ਮਾਂ ਨੇ ਪਹਿਲਾਂ 29 ਜਨਵਰੀ ਨੂੰ ਇਹ ਤੇਜ਼ਾਬੀ ਹਮਲਾ ਕਰਨਾ ਸੀ ਪਰ ਕਿਸੇ ਕਾਰਨ ਉਹ ਨਹੀਂ ਕਰ ਸਕੇ। ਫਿਰ ਉਨ੍ਹਾਂ ਨੇ 30 ਜਨਵਰੀ ਨੂੰ ਘਟਨਾ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਤੇ ਜਸਵਿੰਦਰ ਸਿੰਘ ਨੂੰ ਊਨੇ ਤੋਂ ਗ੍ਰਿਫ਼ਤਾਰ ਕੀਤਾ ਹੈ ਜਦਕਿ ਮਨੀ ਨੂੰ ਲੁਧਿਆਣੇ ਤੋਂ ਕਾਬੂ ਕੀਤਾ। ਇਸ ਮਾਮਲੇ ’ਚ ਪੁਲੀਸ ਨੇ 326ਏ, 120 ਬੀ ਅਤੇ 34 ਆਈਪੀਸੀ ਦੀ ਧਾਰਾ ਤਹਿਤ ਪਹਿਲਾਂ ਹੀ ਜਲੰਧਰ ਛਾਉਣੀ ਥਾਣੇ ਵਿਚ ਕੇਸ ਦਰਜ ਕੀਤਾ ਹੋਇਆ ਹੈ। ਪੁੱਛਗਿੱਛ ਲਈ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ।