ਅਧਿਆਪਕਾਂ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੇ ਬਾਈਕਾਟ ਦੀ ਚਿਤਾਵਨੀ

18

January

2019

ਐਸਏਐਸ ਨਗਰ (ਮੁਹਾਲੀ), ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਇੱਥੇ ਜਥੇਬੰਦੀ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਕੂਲੀ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਮਸਲਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜਥੇਬੰਦੀ ਨੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪਹਿਲਾ ਪੇਪਰ ਪੰਜਾਬੀ ਵਿਸ਼ੇ ਦਾ ਲੈਣ ਸਬੰਧੀ ਬੋਰਡ ਮੈਨੇਜਮੈਂਟ ਦੇ ਫੈਸਲੇ ਦਾ ਸਵਾਗਤ ਕੀਤਾ। ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਸੁਖਦੇਵ ਲਾਲ ਬੱਬਰ ਨੇ ਕਿਹਾ ਕਿ ਮਾਰਚ 2017 ਅਤੇ ਮਾਰਚ 2018 ਤੋਂ ਬਾਅਦ ਪ੍ਰੀਖਿਆਵਾਂ ਵਿੱਚ ਡਿਊਟੀ ਦੇਣ ਵਾਲੇ ਅਬਜ਼ਰਵਰ, ਉੱਤਰ ਪੱਤਰੀਆਂ ਦੀਆਂ ਮਾਰਕਿੰਗ ਕਰਨ ਵਾਲੇ ਅਧਿਆਪਕਾਂ ਨੂੰ ਹਾਲੇ ਤੱਕ ਮਿਹਨਤਾਨਾ ਨਹੀਂ ਮਿਲਿਆ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਸਕੂਲ ਬੋਰਡ ਦੇ ਚੇਅਰਮੈਨ ਨੇ ਲੈਕਚਰਾਰਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਸੀ ਕਿ ਪੈਂਡਿੰਗ ਅਦਾਇਗੀਆਂ ਛੇਤੀ ਦਿੱਤੀਆਂ ਜਾਣਗੀਆਂ ਪਰ ਹੁਣ ਤੱਕ ਇੱਕ ਧੇਲਾ ਵੀ ਨਹੀਂ ਮਿਲਿਆ। ਇਸ ਕਾਰਨ ਅਧਿਆਪਕ ਵਰਗ ਵਿੱਚ ਰੋਸ ਹੈ। ਹੁਣ ਫਿਰ ਮਾਰਚ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਸਬੰਧੀ ਮੁੜ ਤੋਂ ਲੈਕਚਰਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜੇਕਰ ਬੋਰਡ ਮੈਨੇਜਮੈਂਟ ਨੇ ਪੈਂਡਿੰਗ ਅਦਾਇਗੀਆਂ ਨਾ ਕੀਤੀਆਂ ਤਾਂ ਐਤਕੀਂ ਅਧਿਆਪਕ ਵਰਗ ਸਾਲਾਨਾ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਫੈਸਲਾ ਲੈਣ ਲਈ ਮਜਬੂਰ ਹੋਵੇਗਾ ਅਤੇ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਬੋਰਡ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ। ਸਾਲਾਨਾ ਪ੍ਰੀਖਿਆਵਾਂ ਵਿੱਚ ਡਿਊਟੀਆਂ ਲਗਾਉਣ ਸਮੇਂ ਅੰਗਰੇਜ਼ੀ ਅਤੇ ਪੰਜਾਬੀ ਦੇ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਅੰਗਰੇਜ਼ੀ ਅਤੇ ਪੰਜਾਬੀ ਲੈਕਚਰਾਰਾਂ ਦੀ ਡਿਊਟੀ ਸਿਰਫ਼ ਮਾਰਕਿੰਗ ਵਿੱਚ ਹੀ ਲਗਾਈ ਜਾਵੇ ਤਾਂ ਜੋ ਸਹੀ ਤਰੀਕੇ ਨਾਲ ਮਾਰਕਿੰਗ ਕਰਕੇ ਸਮੇਂ ਸਿਰ ਨਤੀਜਾ ਘੋਸ਼ਿਤ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੈਂਸਰ, ਦਿਲ ਦੇ ਮਰੀਜ਼ਾਂ ਅਤੇ ਅੰਗਹੀਣ ਅਧਿਆਪਕਾਂ ਨੂੰ ਪ੍ਰੀਖਿਆ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਅਧਿਆਪਕਾਂ ਦੀ ਡਿਊਟੀ ਸਬੰਧਤ ਤਹਿਸੀਲ ਦੇ ਸਕੂਲਾਂ ਵਿੱਚ ਹੀ ਲਗਾਈ ਜਾਵੇ। ਇਸ ਮੌਕੇ ਜਸਵੀਰ ਸਿੰਘ ਗੋਸਲ ਅਤੇ ਸਰਦੂਲ ਬਰਾੜ ਹਾਜ਼ਰ ਸਨ।