ਨਸ਼ਾ ਛੁਡਾਊ ਕੇਂਦਰ: ਮਰੀਜ਼ਾਂ ਦੀ ਗਿਣਤੀ ਘਟੀ, ਨਸ਼ਿਆਂ ਦੀ ਸਪਲਾਈ ਵਧੀ

07

January

2019

ਤਰਨ ਤਾਰਨ, ਉੱਚ ਜ਼ਿਲ੍ਹਾ ਅਧਿਕਾਰੀਆਂ ਦੀ ਹਾਜ਼ਰੀ ਵਿਚ ਇੱਥੇ ਹੋ ਰਹੀ ਇਕ ਮੀਟਿੰਗ ਵਿਚ ਜਦੋਂ ਡੈਪੋ (ਨਸ਼ਿਆਂ ਖ਼ਿਲਾਫ਼ ਕੰਮ ਕਰਦੀ ਇਕ ਸਰਕਾਰੀ ਸੰਸਥਾ ਨਾਲ ਸਬੰਧਿਤ) ਦੀ ਮਹਿਲਾ ਮੈਂਬਰ ਨੇ ਜ਼ਿਲ੍ਹੇ ਵਿਚ ਨਸ਼ਿਆਂ ਦਾ ਪ੍ਰਚਲਨ ਮੁੜ ਸ਼ੁਰੂ ਹੋਣ ਦੀ ਗੱਲ ਆਖੀ ਤਾਂ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ। ਜ਼ਿਲ੍ਹੇ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਮੈਡੀਕਲ ਅਧਿਕਾਰੀਆਂ ਨੇ ਵੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਕੇਂਦਰਾਂ ਤੋਂ ਨਸ਼ਿਆਂ ਦਾ ਇਲਾਜ ਕਰਵਾਉਂਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਦਾ ਅਰਥ ਇਹ ਲਿਆ ਗਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਨਸ਼ਿਆਂ ਦੀ ਸਪਲਾਈ ਹੋਣ ਲੱਗੀ ਹੈ, ਜਿਸ ਕਰਕੇ ਉਹ ਮੁੜ ਨਸ਼ਿਆਂ ਵੱਲ ਝੁਕ ਗਏ ਹਨ। ਇਲਾਕੇ ਦੇ ਪਿੰਡ ਠਰੂ ਦੇ ‘ਸਰਕਾਰੀ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ’ ਤੋਂ ਇਕੱਤਰ ਜਾਣਕਾਰੀ ਅਨੁਸਾਰ ਇੱਥੇ ਸਥਿਤ ‘ਓਟ’ ਕੇਂਦਰ ਤੋਂ ਕਿਸੇ ਵੇਲੇ 300 ਤੋਂ ਵੀ ਵੱਧ ਮਰੀਜ਼ ਰੋਜ਼ਾਨਾ ਦਵਾਈ ਲੈਣ ਲਈ ਆਉਂਦੇ ਸਨ। ਹੁਣ ਇਹ ਗਿਣਤੀ ਘਟ ਕੇ 200 ਤੱਕ ਚਲੀ ਗਈ ਹੈ। ਜ਼ਿਲ੍ਹੇ ਦੇ ਪਿੰਡ ਭੱਗੂਪੁਰ (ਪੱਟੀ) ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਵੀ ਇਹ ਗਿਣਤੀ 30 ਫ਼ੀਸਦੀ ਤੱਕ ਥੱਲੇ ਚਲੀ ਗਈ ਹੈ। ਸਿਹਤ ਵਿਭਾਗ, ਪੰਜਾਬ ਸਰਕਾਰ ਦੀ ਡੈਪੋ ਯੋਜਨਾ ਪ੍ਰਤੀ ਇੰਨਾ ਲਾਪ੍ਰਵਾਹ ਹੈ ਕਿ ਜ਼ਿਲ੍ਹੇ ਵਿਚ ਨਸ਼ੇ ਛੁਡਾਉਣ ਲਈ ਤਾਇਨਾਤ ਅਧਿਕਾਰੀ ਡਾ. ਰਾਣਾ ਰਣਬੀਰ ਸਿੰਘ ਵੱਲੋਂ ਨੌਕਰੀ ਤੋਂ ਤਿਆਗ ਪੱਤਰ ਦੇਣ ਪਿੱਛੋਂ ਉਨ੍ਹਾਂ ਦੀ ਥਾਂ ’ਤੇ ਦੋ ਮਹੀਨੇ ਤੱਕ ਕੋਈ ਅਧਿਕਾਰੀ ਨਿਯੁਕਤ ਨਹੀਂ ਸੀ ਕੀਤਾ ਗਿਆ। ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਸਰਦੀ ਦੇ ਮੌਸਮ ਕਰਕੇ ਹੈ ਨਾ ਕਿ ਕਿਸੇ ਹੋਰ ਕਾਰਨ ਕਰਕੇ। ਅਧਿਕਾਰੀਆਂ ਦੀ ਮੀਟਿੰਗ ਵਿਚ ਇਹ ਮਾਮਲਾ ਚੁੱਕਣ ਵਾਲੀ ਮਹਿਲਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਜਿਹੜੀ ਲਹਿਰ ਪੈਦਾ ਕੀਤੀ ਗਈ ਸੀ, ਉਹ ਹੇਠਾਂ ਆ ਗਈ ਹੈ। ਪੱਟੀ ਵਾਸੀ ਮੁਖ਼ਤਿਆਰ ਸਿੰਘ ਪ੍ਰਧਾਨ ‘ਕਫਨ ਬੋਲ ਪਿਆ’ ਸੰਸਥਾ ਨੇ ਕਿਹਾ ਕਿ ਸਰਹੱਦੀ ਖੇਤਰ ਵਿਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਰਨ ਵਾਲਿਆਂ ਦੀ ਗਿਣਤੀ ਵਿਚ ਕਦੇ ਕਮੀ ਨਹੀਂ ਆਈ। ਨਸ਼ਿਆਂ ਦੀ ਵਰਤੋਂ ਕਰਦੇ ਨੌਜਵਾਨਾਂ ਦੀਆਂ ਮੌਤਾਂ ਵੀ ਲਗਾਤਾਰ ਹੋ ਰਹੀਆਂ ਹਨ। ਮੁਖ਼ਤਿਆਰ ਸਿੰਘ ਦਾ ਲੜਕਾ ਵੀ ਨਸ਼ਿਆਂ ਦੀ ਵਰਤੋਂ ਕਰਦਿਆਂ ਮੌਤ ਨੂੰ ਪਿਆਰਾ ਹੋ ਗਿਆ ਸੀ। ਨਸ਼ਾ ਛੁਡਾਊ ਕੇਂਦਰ ਠਰੂ ਦੇ ‘ਓਟ’ ਕੇਂਦਰ ਤੋਂ ਦਵਾਈ ਲੈਣ ਆਉਂਦੇ ਇਕ ਮਰੀਜ਼ ਨੇ ਦੱਸਿਆ ਕਿ ਇਲਾਕੇ ਵਿਚ ਚਿੱਟਾ ਮਿਲ ਜ਼ਰੂਰ ਜਾਂਦਾ ਹੈ ਪਰ ਉਸ ਦੀ ਕੀਮਤ ਬਹੁਤ ਵਧਾ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਇਹ ਸਪਲਾਈ ਘਰਾਂ ਤੱਕ ਵੀ ਕੀਤੀ ਜਾਂਦੀ ਹੈ। ਤਰਨ ਤਾਰਨ ਵਿਚਲੇ ‘ਸੰਕਲਪ’ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਦੀਪਕ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਸੌ ਤੋਂ ਵੱਧ ਮਰੀਜ਼ ਦਵਾਈ ਲੈਣ ਆਉਂਦੇ ਹਨ। ਇਨ੍ਹਾਂ ਵਿਚੋਂ ਵਧੇਰੇ ਹੈਰੋਇਨ ਜਿਹੇ ਨਸ਼ੇ ਕਰਦੇ ਹਨ।