ਮੋਰਨੀ ਖੇਤਰ ਨੂੰ ਜੈਵਿਕ ਹੱਬ ਬਣਾਇਆ ਜਾਵੇਗਾ: ਖੱਟਰ

21

December

2018

ਪੰਚਕੂਲਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮੋਰਨੀ ਖੇਤਰ ਨੂੰ ਜੈਵਿਕ ਹੱਬ ਬਣਾਉਣ ਅਤੇ ਜੜ੍ਹੀ-ਬੂਟੀਆਂ ਦੀ ਵਿਸ਼ਵ ਪੱਧਰੀ ਨਰਸਰੀ ਬਣਾਉਣ ਦਾ ਐਲਾਨ ਕੀਤਾ ਹੈ| ਉਹ ਅੱਜ ਮੋਰਨੀ ਵਿਚ ਵਿਸ਼ਵ ਦਵਾਈ ਵਣ-ਪਰਿਯੋਜਨਾ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਮੌਕੇ ਹਰਿਆਣਾ ਦੇ ਵਣ ਮੰਤਰੀ ਰਾਓ ਨਰਬੀਰ ਸਿੰਘ, ਰਾਜ ਮੰਤਰੀ ਕਰਣ ਦੇਵ ਕੰਬੋਜ ਤੋਂ ਇਲਾਵਾ ਯੋਗ ਗੁਰੂ ਬਾਬਾ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨ ਵੀ ਹਾਜ਼ਰ ਸਨ| ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਜੈਵਿਕ ਖੇਤੀ ਦੀਆਂ ਕਾਫੀ ਸੰਭਾਵਨਾਵਾਂ ਹਨ| ਉਨ੍ਹਾਂ ਕਿਹਾ ਕਿ ਏਮਸ ਦੀ ਤਰ੍ਹਾਂ ਪੰਚਕੂਲਾ ਵਿਚ 20 ਏਕੜ ਰਕਬੇ ਵਿਚ 300 ਬਿਸਤਰਿਆਂ ਵਾਲੇ ਹਸਪਤਾਲ ਦੇ ਨਾਲ-ਨਾਲ ਕੌਮੀ ਆਯੂਰਵੇਦ ਤੇ ਯੋਗ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ| ਮੁੱਖ ਮੰਤਰੀ ਨੇ ਪਤੰਜਲੀ ਯੋਗਪੀਠ ਦੇ ਵਿਗਿਆਨਿਆਂ ਨੂੰ ਮੋਰਨੀ ਵਿਚ ਰਹਿਣ ਲਈ ਥਾਂ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ| ਉਨਾਂ ਕਿਹਾ ਕਿ ਉਨਾਂ ਨੂੰ ਖੁਸ਼ੀ ਹੈ ਕਿ ਵਿਗਿਆਨਿਆਂ ਨੇ ਮੋਰਨੀ ਖੇਤਰ ਵਿਚ 53 ਨਵੀਂਆਂ ਜੜ੍ਹੀ-ਬੂਟੀਆਂ ਦੀ ਪ੍ਰਜਾਤੀਆਂ ਦੀ ਖੋਜ ਕੀਤੀ ਹੈ। ਵਣ ਵਿਭਾਗ ਦੇ ਰਿਕਾਰਡ ਵਿਚ ਹੁਣ ਤਕ ਜੁੜੀ-ਬੂਟੀਆਂ ਦੀ 1062 ਪ੍ਰਜਾਤੀਆਂ ਹੀ ਦਰਜ ਸਨ ਜੋ ਵੱਧ ਕੇ 1115 ਹੋ ਗਈਆਂ ਹਨ| ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਰੜ ਵਾਟਿਕਾ ਦਾ ਉਦਘਾਟਨ ਵੀ ਕੀਤਾ| ਪਤੰਜਲੀ ਯੋਗਪੀਠ ਨੇ ਮੋਰਨੀ ਖੇਤਰ ਵਿਚ ਕੁਲ 125 ਵਾਟਿਕਾਵਾਂ ਨੂੰ ਵਿਕਸਿਤ ਕਰਨ ਦਾ ਟੀਚਾ ਮਿਥਿਆ ਸੀ ਜਿਸ ਵਿਚੋਂ ਹੁਣ ਤਕ 65 ਵਾਟਿਕਾਵਾਂ ਵਿਕਸਿਤ ਹੋ ਚੁੱਕੀਆਂ ਹਨ| ਮੁੱਖ ਮੰਤਰੀ ਨੇ ਆਚਾਰਿਆ ਬਾਲ ਕ੍ਰਿਸ਼ਨ ਵੱਲੋਂ ਮੋਰਨੀ ਇਲਾਕੇ ਦੀ ਜੈਵਿਕ ਸ਼ਕਤੀ ਬਾਰੇ ਲਿਖੀਆਂ ਤਿੰਨ ਕਿਤਾਬਾਂ ਨੂੰ ਰਿਲੀਜ਼ ਵੀ ਕੀਤਾ| ਇਸ ਮੌਕੇ ਹਰਿਆਣਾ ਦੇ ਵਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੋਰਨੀ ਵਿਚ 1200 ਏਕੜ ਜ਼ਮੀਨ ’ਤੇ ਦਵਾਈਆਂ ਵਾਲੇ ਪੌਦੇ ਲਗਾਏ ਜਾਣਗੇ ਜਿਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ| ਇਸੇ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਕਿ ਮੋਰਨੀ ਖੇਤਰ ਦੀ ਹਰੜ, ਸ਼ਤਾਵਰ, ਸਰਪਗੰਧਾ, ਵਨਸਪਾ ਵਰਗੇ ਜੜੀ-ਬੂਟੀਆਂ ਦੀ ਉਪਜ ਕੀਤੀ ਜਾਵੇਗੀ|