ਕੀ ਜਨਮਦਿਨ ਮੌਕੇ ਮਹੇਸ਼ ਭੱਟ ਕਰਨਗੇ ਆਲੀਆ-ਰਣਬੀਰ ਦੇ ਰਿਸ਼ਤੇ ਦਾ ਐਲਾਨ?

20

September

2018

ਅੱਜ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ-ਨਿਰਮਾਤਾ ਮਹੇਸ਼ ਭੱਟ ਆਪਣਾ 70ਵਾਂ ਜਨਮਦਿਨ ਮਨਾ ਰਹੇ ਹਨ। ਇਸ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੇ ਕਰੀਬੀ ਲੋਕਾਂ ਲਈ ਸ਼ਾਨਦਾਰ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਪਾਰਟੀ 'ਚ ਸ਼ਾਮਲ ਹੋਣ ਲਈ ਰਣਬੀਰ ਕਪੂਰ ਨੂੰ ਖਾਸ ਸੱਦਾ ਪੱਤਰ ਮਿਲਿਆ ਹੈ। ਰਣਬੀਰ ਤੇ ਮਹੇਸ਼ ਦੀ ਲਾਡਲੀ ਧੀ ਆਲੀਆ ਬੁਲਗਾਰੀਆ 'ਚ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਹਨ। ਮਹੇਸ਼ ਦੇ ਜਨਮਦਿਨ ਲਈ ਆਲੀਆ ਨੇ ਫਿਲਮ ਤੋਂ ਬ੍ਰੇਕ ਲੈ ਲਿਆ ਹੈ। ਇਸ ਲਈ ਰਣਬੀਰ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਰਣਬੀਰ ਤੇ ਆਲੀਆ ਦੇ ਪਿਆਰ ਦੇ ਚਰਚੇ ਅੱਜਕਲ ਕਾਫੀ ਆਮ ਹੋ ਰਹੇ ਹਨ। ਬਾਲੀਵੁੱਡ ਦੇ ਹਰ ਈਵੈਂਟ ਤੇ ਪਾਰਟੀ 'ਚ ਇਨ੍ਹਾਂ ਲਵ ਬਰਡਸ ਨੂੰ ਆਮ ਦੇਖਿਆ ਜਾਂਦਾ ਹੈ। ਦੋਹਾਂ ਦੇ ਪਰਿਵਾਰਾਂ ਵੱਲੋਂ ਵੀ ਰਿਸ਼ਤੇ ਨੂੰ ਹਰੀ ਝੰਡੀ ਮਿਲ ਚੁੱਕੀ ਹੈ। ਹਾਲ ਹੀ 'ਚ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਰਣਬੀਰ ਦੀ ਤਾਰੀਫ ਦੇ ਪੁੱਲ ਬੰਨ੍ਹਦਿਆਂ ਕਿਹਾ ਹੈ ਕਿ ਰਣਬੀਰ ਚੰਗਾ ਮੁੰਡਾ ਹੈ। ਇਸ ਦੇ ਨਾਲ ਹੀ ਉਹ ਆਪਣੀ ਧੀ ਦੀ ਆਜ਼ਾਦੀ ਦਾ ਆਦਰ ਕਰਦੇ ਹਨ। ਮਹੇਸ਼ ਦੇ ਜਨਮਦਿਨ ਦੀ ਪਾਰਟੀ ਦੀ ਗੱਲ ਕਰੀਏ ਤਾਂ ਖਬਰਾਂ ਹਨ ਕਿ ਉਨ੍ਹਾਂ ਨੇ ਆਪ ਰਣਬੀਰ ਨੂੰ ਫੋਨ ਕਰਕੇ ਪਾਰਟੀ ਲਈ ਸੱਦਾ ਦਿੱਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਰਣਬੀਰ, ਭੱਟ ਪਰਿਵਾਰ ਨਾਲ ਕਿਸੇ ਨਿੱਜੀ ਪਾਰਟੀ 'ਚ ਸ਼ਾਮਲ ਹੋਣਗੇ। ਭੱਟ ਪਰਿਵਾਰ ਵੱਲੋਂ ਵੀ ਇਸ ਪਾਰਟੀ ਦੀਆਂ ਖਾਸ ਤਿਆਰੀਆਂ ਹੋ ਰਹੀਆਂ ਹਨ। ਰਣਬੀਰ-ਆਲੀਆ ਦੇ ਅਫੇਅਰ ਦੀਆਂ ਖਬਰਾਂ 'ਬ੍ਰਹਮਾਸਤਰ' ਦੀ ਸ਼ੂਟਿੰਗ ਸਮੇਂ ਹੀ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਫਿਲਮ ਦੇ ਸੈੱਟ 'ਤੇ ਹੀ ਦੋਵੇਂ ਇਕ ਦੂਜੇ ਦੇ ਨੇੜੇ ਆਏ ਸਨ। ਇਸ ਰਿਸ਼ਤੇ ਨਾਲ ਇਕੱਲੇ ਇਹ ਦੋਵੇਂ ਨਹੀਂ ਸਗੋਂ ਇਨ੍ਹਾਂ ਦੋਹਾਂ ਦੇ ਪਰਿਵਾਰ ਵੀ ਕਾਫੀ ਨੇੜੇ ਆ ਗਏੇ ਹਨ। ਦੋਹਾਂ ਪਰਿਵਾਰਾਂ ਵੱਲੋਂ ਮਿਲ ਰਹੇ ਰਿਸਪਾਂਸ ਨੂੰ ਦੇਖ ਕੇ ਇਹ ਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਰਣਬੀਰ-ਆਲੀਆ ਜਲਦੀ ਹੀ ਵਿਆਹ ਕਰ ਸਕਦੇ ਹਨ। ਉਂਝ ਭੱਟ ਦੇ ਜਨਮਦਿਨ 'ਤੇ ਹੋ ਸਕਦਾ ਹੈ ਕਿ ਮਹੇਸ਼ ਰਿਸ਼ਤੇ ਨੂੰ ਲੈ ਕੇ ਕੋਈ ਖਾਸ ਐਲਾਨ ਕਰ ਦੇਣ।