ਅੱਖਾਂ ਵਿਚ ਮਿਰਚਾਂ ਪਾ ਕੇ 11.84 ਲੱਖ ਰੁਪਏ ਲੁੱਟੇ

27

November

2018

ਸੰਦੌੜ, ਇੱਥੋਂ ਨੇੜਲੇ ਪਿੰਡ ਮਾਣਕੀ ਵਿਚ ਅੱਜ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ਸਵਾਰ 2 ਵਿਅਕਤੀਆਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ 11 ਲੱਖ 84 ਹਜ਼ਾਰ ਰੁਪਏ ਲੁੱਟ ਲਏ। ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਪਿੰਡ ਮਾਣਕੀ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਮੁਲਾਜ਼ਮ ਹਨ। ਘਟਨਾ ਵਾਪਰਨ ਵੇਲੇ ਉਹ ਬੈਂਕ ਜਾ ਰਹੇ ਸਨ। ਨਗ਼ਦੀ ਲੁੱਟਣ ਦੀ ਜੱਦੋਜਹਿਦ ਦੌਰਾਨ ਲੁਟੇਰਿਆਂ ਨੇ ਇਕ ਮੁਲਾਜ਼ਮ ਦੀ ਲੱਤ ਵਿਚ ਗੋਲੀ ਵੀ ਮਾਰ ਦਿੱਤੀ। ਵਾਰਦਾਤ ਦਾ ਪਤਾ ਲੱਗਦਿਆਂ ਡੀਐੱਸਪੀ ਮਾਲੇਰਕੋਟਲਾ ਯੋਗੀਰਾਜ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਆਰੰਭੀ। ਵੇਰਵਿਆਂ ਮੁਤਾਬਕ ਸੋਮਵਾਰ ਦੁਪਹਿਰ ਦੋ ਵਜੇ ਦੇ ਕਰੀਬ ਸਹਿਕਾਰੀ ਸਭਾ ਦੇ ਮੁਲਾਜ਼ਮ ਰਾਜਿੰਦਰ ਸਿੰਘ ਤੇ ਸ਼ਿੰਗਾਰਾ ਸਿੰਘ ਕਿਸਾਨਾਂ ਵੱਲੋਂ ਜਮ੍ਹਾਂ ਕਰਵਾਈ ਗਈ ਲਿਮਟ ਦੀ ਰਿਕਵਰੀ ਰਕਮ ਲੈ ਕੇ ਨੇੜਲੇ ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਚ ‘ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ’ ਵਿਚ ਜਮ੍ਹਾਂ ਕਰਵਾਉਣ ਜਾ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਮੋਨੇ ਵਿਅਕਤੀਆਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਨਜ਼ਦੀਕ ਆ ਕੇ ਸਕੂਟਰੀ ਚਲਾ ਰਹੇ ਰਾਜਿੰਦਰ ਸਿੰਘ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ। ਇਸ ਕਾਰਨ ਉਹ ਡਿੱਗ ਗਏ ਤੇ ਲੁਟੇਰੇ ਰਕਮ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ। ਲੁਟੇਰਿਆਂ ਵਿਚੋਂ ਇਕ ਜਣੇ ਨੇ ਸਿੰਗਾਰਾ ਸਿੰਘ ਦੀ ਲੱਤ ਵਿਚ ਗੋਲੀ ਮਾਰ ਕੇ ਸਕੂਟਰੀ ਦੀ ਡਿੱਗੀ ਵਿਚ ਪਈ ਨਗ਼ਦੀ ਕੱਢ ਲਈ ਤੇ ਫ਼ਰਾਰ ਹੋ ਗਏ। ਜ਼ਖ਼ਮੀ ਮੁਲਾਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ। ਪ੍ਰਾਪਰਟੀ ਡੀਲਰ ਦੇ ਮੁਨੀਮ ਤੋਂ 20 ਲੱਖ ਰੁਪਏ ਲੁੱਟੇ ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਐੱਸਬੀਆਈ ਦੀ ਮੁੱਖ ਸ਼ਾਖਾ ਕੋਲ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਮੁਨੀਮ ਤੋਂ 20 ਲੱਖ ਰੁਪਏ ਦੀ ਨਗ਼ਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਦੌਰਾਨ ਹੋਈ ਹੱਥੋਪਾਈ ਵਿਚ ਇਕ ਲੁਟੇਰੇ ਦਾ ਨਕਾਬ ਉਤਰ ਗਿਆ ਤੇ ਉਹ ਪਛਾਣਿਆ ਗਿਆ। ਪੁਲੀਸ ਨੇ ਜ਼ਖ਼ਮੀ ਹੋਏ ਮੁਨੀਮ ਦੀ ਸ਼ਿਕਾਇਤ ’ਤੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੁਟੇਰੇ ਦੀ ਪਛਾਣ ਰੰਗੜੀ ਵਾਸੀ ਸੁਨੀਲ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ। ਵੇਰਵਿਆਂ ਮੁਤਾਬਕ ਸਾਬਕਾ ਕੌਂਸਲਰ ਕ੍ਰਿਸ਼ਨ ਸਿੰਗਲਾ ਦਾ ਪੁੱਤਰ ਅਨੁਪਮ ਸਿੰਗਲਾ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਤੇ ਉਨ੍ਹਾਂ ਦੇ ਕੋਲ ਕੰਗਨਪੁਰ ਰੋਡ ਵਾਸੀ ਅਵਿਨਾਸ਼ ਬਤੌਰ ਮੁਨੀਮ ਕੰਮ ਕਰਦਾ ਹੈ। ਘਟਨਾ ਵਾਪਰਨ ਵੇਲੇ ਅਵਿਨਾਸ਼ ਮੋਟਰਸਾਈਕਲ ਉੱਤੇ ਸੁਰਖ਼ਾਬ ਚੌਕ ਨਜ਼ਦੀਕ ਸਥਿਤ ਐੱਸਬੀਆਈ ਸ਼ਾਖਾ ਵਾਲੀ ਗਲੀ ਵਿਚੋਂ ਲੰਘ ਕੇ ਨਗ਼ਦੀ ਲੈ ਕੇ ਆ ਰਿਹਾ ਸੀ। ਗਲੀ ਦੀ ਨੁੱਕੜ ਉੱਤੇ ਖੜ੍ਹੇ ਦੋ ਵੱਖ-ਵੱਖ ਮੋਟਰਸਾਈਕਲ ਸਵਾਰਾਂ ਵਿਚੋਂ ਇਕ ਨੇ ਅਵਿਨਾਸ਼ ਉੱਤੇ ਦਾਤਰ ਨਾਲ ਹਮਲਾ ਕੀਤਾ ਜਦਕਿ ਦੂਜਾ ਉਸ ਦੇ ਹੱਥੋਂ ਬੈਗ ਖੋਹ ਕੇ ਭੱਜ ਗਿਆ। ਇਸ ਦੌਰਾਨ ਹੋਈ ਹੱਥੋਪਾਈ ਵਿਚ ਉਸ ਨੇ ਇਕ ਲੁਟੇਰੇ ਨੂੰ ਪਛਾਣ ਲਿਆ। ਪੁਲੀਸ ਨੇ ਸੁਨੀਲ ਤੋਂ ਇਲਾਵਾ ਚੌਬੁਰਜਾ ਦੇ ਬਲਕਾਰ ਤੇ ਇਕ ਹੋਰ ਖ਼ਿਲਾਫ਼ ਲੁੱਟ ਕੇਸ ਦਰਜ ਕਰ ਲਿਆ ਹੈ। ਤੀਜੇ ਮੁਲਜ਼ਮ ਦੀ ਸ਼ਨਾਖ਼ਤ ਕੀਤੀ ਜਾਣੀ ਅਜੇ ਬਾਕੀ ਹੈ।