ਪੁਲੀਸ ਅਧਿਕਾਰੀ ਬਣ ਕੇ ਡਾਕਟਰ ਕੋਲੋਂ ਫਿਰੌਤੀ ਵਸੂਲਣ ਵਾਲੇ ਦੋ ਕਾਬੂ

27

November

2018

ਡੇਰਾਬੱਸੀ, ਪਿੰਡ ਕੂੜਾਵਾਲਾ ਵਿੱਚ ਇਕ ਡਾਕਟਰ ਤੋਂ ਨਕਲੀ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਕੇ ਇਕ ਲੱਖ ਰੁਪਏ ਵਸੂਲਣ ਵਾਲੇ ਮੁਲਜ਼ਮਾਂ ਵਿੱਚੋਂ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨਵੀਰ ਸਿੰਘ ਤੇ ਹਰਜੀਤ ਸਿੰਘ ਵਾਸੀ ਪਟਿਆਲਾ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਦਿਨੀ ਪਿੰਡ ਕੂੜਾਵਾਲਾ ਵਿੱਚ ਬੱਸ ਅੱਡੇ ’ਤੇ ਕਲੀਨਿਕ ਚਲਾਉਂਦੇ ਡਾ. ਕਮਲਜੀਤ ਸਿੰਘ ਕੋਲ ਇਕ ਉਸਦਾ ਪੁਰਾਣਾ ਪਛਾਣ ਵਾਲਾ ਰਮਨਪ੍ਰੀਤ ਕੋਈ ਦਵਾਈ ਲੈਣ ਲਈ ਆਇਆ। ਉਹ ਦਵਾਈ ਲੈ ਰਿਹਾ ਸੀ ਉਸ ਦੌਰਾਨ ਮੌਕੇ ’ਤੇ ਚਾਰ ਲੋਕਾਂ ਨੇ ਆ ਕੇ ਆਪਣੇ ਆਪ ਨੂੰ ਪੁਲੀਸ ਦੇ ਐਸਟੀਐਫ ਵਿਭਾਗ ਵੱਲੋਂ ਦੱਸਦਿਆਂ ਨਸ਼ਾ ਵੇਚਣ ਦਾ ਦੋਸ਼ ਲਾਉਂਦੇ ਹੋਏ ਕਰਨਵੀਰ ਤੇ ਡਾਕਟਰ ਨੂੰ ਹਿਰਾਸਤ ’ਚ ਲੈ ਕੇ ਗੱਡੀ ’ਚ ਬਿਠਾ ਲਿਆ। ਪੁਲੀਸ ਨੇ ਦੱਸਿਆ ਕਿ ਨਕਲੀ ਐਸਟੀਐਫ ਦੇ ਅਧਿਕਾਰੀ ਡਾਕਟਰ ਨੂੰ ਜ਼ੀਰਕਪੁਰ ਏਅਰੋ ਸਿਟੀ ਰੋਡ ’ਤੇ ਲੈ ਗਏ ਜਿਥੇ ਡਾਕਟਰ ਨੂੰ ਛੱਡਣ ਬਦਲੇ ਉਸਦੀ ਪਤਨੀ ਤੋਂ ਇਕ ਲੱਖ ਰੁਪਏ ਮੰਗਵਾਏ। ਇਸ ਮਗਰੋਂ ਮੁਲਜ਼ਮਾਂ ਨੇ ਡਾਕਟਰ ਤੇ ਫਰਜ਼ੀ ਗਾਹਕ ਬਣੇ ਰਮਨਪ੍ਰੀਤ ਨੂੰ ਛੱਡ ਦਿੱਤਾ। ਡਾਕਟਰ ਨੇ ਮਾਮਲੇ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ ਦਵਾਈ ਲੈਣ ਆਏ ਕਰਨਵੀਰ ਸਿੰਘ ਨੇ ਹੀ ਆਪਣੇ ਕੁਝ ਸਾਥੀਆਂ ਨਾਲ ਰਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ ਜਿਸ ਤਹਿਤ ਉਹ ਆਪ ਫਰਜੀ ਗਾਹਕ ਬਣਕੇ ਦਵਾਈ ਲੈਣ ਲਈ ਗਿਆ ਸੀ। ਪੁਲੀਸ ਨੇ ਅੱਜ ਕਰਨਵੀਰ ਸਿੰਘ ਵਾਸੀ ਜ਼ੀਰਕਪੁਰ ਅਤੇ ਹਰਜੀਤ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇਸ ਵਾਰਦਾਤ ’ਚ ਸ਼ਾਮਲ ਉਨ੍ਹਾਂ ਦੇ ਹੋਰ ਤਿੰਨ ਸਾਥੀ ਰੁਪਿੰਦਰ ਵਾਸੀ ਦਿਆਲਪੁਰਾ, ਵਿੱਕੀ ਉਰਫ਼ ਲੱਡੂ ਤੇ ਵਿਕਰਮ ਸਿੰਘ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੇੜੇ ਤੇੜੇ ਦੇ ਰਹਿਣ ਵਾਲੇ ਹਨ ਤੇ ਵਾਰਦਾਤ ਲਈ ਰੁਪਿੰਦਰ ਵਾਸੀ ਦਿਆਲਪੁਰਾ ਦੀ ਕਾਰ ਵਰਤੀ ਗਈ ਜੋ ਬਾਊਂਸਰ ਹੈ। ਇਸ ਤੋਂ ਇਲਾਵਾ ਬਾਕੀ ਮੁਲਜ਼ਮ ਪ੍ਰਾਪਰਟੀ ਦਾ ਕੰਮ ਕਰਦੇ ਹਨ।