ਦੋ ਵਿਆਹੁਤਾ ਔਰਤਾਂ ਨੇ ਕੀਤੀ ਖ਼ੁਦਕੁਸ਼ੀ

27

November

2018

ਡੇਰਾਬਸੀ, ਪਿੰਡ ਜਵਾਹਰਪੁਰ ਦੀ 27 ਸਾਲਾ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਜਨੀ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਜਵਾਹਰਪੁਰ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤੀ ਹੈ। ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਜਨੀ ਦਾ ਚਾਰ ਸਾਲ ਪਹਿਲਾਂ ਵਿਆਹ ਰਣਜੀਤ ਸਿੰਘ ਨਾਲ ਹੋਇਆ ਸੀ ਜੋ ਥ੍ਰੀ-ਵ੍ਹੀਲਰ ਚਲਾਉਂਦਾ ਹੈ। ਦੋਵਾਂ ਦੀ ਵਿਆਹ ਮਗਰੋਂ ਪੌਣੇ ਤਿੰਨ ਸਾਲਾਂ ਦੀ ਲੜਕੀ ਹੈ। ਲੰਘੇ ਕੱਲ੍ਹ ਰਣਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ ਸੀ। ਪਿੱਛੋਂ ਉਸਦੀ ਮਾਤਾ ਤੇ ਪਤਨੀ ਇਕੱਲੇ ਸੀ। ਚਾਰ ਵਜੇ ਉਸਦੀ ਮਾਤਾ ਨੇ ਸੂਚਨਾ ਦਿੱਤੀ ਕਿ ਉਸਦੀ ਪਤਨੀ ਬੇਸੁੱਧ ਹੋ ਕੇ ਡਿੱਗ ਗਈ ਹੈ। ਉਹ ਘਰ ਆ ਕੇ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਪਤੀ ਤੇ ਸਹੁਰੇ ਪਰਿਵਾਰ ’ਤੇ ਕੋਈ ਸ਼ੱਕ ਨਹੀ ਪ੍ਰਗਟਾਇਆ। ਪੁਲੀਸ ਨੇ ਮ੍ਰਿਤਕਾ ਦੀ ਮਾਤਾ ਮਹਿੰਦਰ ਕੌਰ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਆਹੁਤਾ ਨੇ ਸਲਫਾਸ ਖਾ ਕੇ ਆਪਣੀ ਮਰਜ਼ੀ ਨਾਲ ਖ਼ੁਦਕੁਸ਼ੀ ਕੀਤੀ ਹੈ। ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ) ਪਿੰਡ ਢਕੋਲੀ ’ਚ ਇਕ ਪਰਵਾਸੀ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਲੰਮੇ ਸਮੇ ਤੋਂ ਬਿਮਾਰ ਰਹਿਣ ਕਾਰਨ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ। ਪੁਲੀਸ ਨੇ ਮ੍ਰਿਤਕਾ ਦੇ ਪਤੀ ਤੇ ਭਰਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕਾ ਦੀ ਪਛਾਣ 27 ਸਾਲਾ ਬਿਮਲਾ ਪਤਨੀ ਜੈ ਰਾਮ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਥਾਣਾ ਮੁਖੀ ਸਹਾਇਕ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮ੍ਰਿਤਕਾ ਪਿੰਡ ਢਕੋਲੀ ’ਚ ਕਿਰਾਏ ’ਤੇ ਰਹਿੰਦੀ ਸੀ। ਉਸਦੇ ਪਤੀ ਜੈਰਾਮ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਪਤਨੀ ਲੰਮੇ ਸਮੇ ਤੋਂ ਬਿਮਾਰ ਸੀ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਸ ਨੂੰ ਦੌਰੇ ਪੈਂਦੇ ਸੀ ਜਿਸਦੀ ਦਵਾਈ ਚੱਲ ਰਹੀ ਸੀ। ਉਸਦੇ ਪਤੀ ਨੇ ਦੱਸਿਆ ਕਿ ਬਿਮਲਾ ਨੇ ਘਰ ’ਚ ਪਈ ਕੌਕਰੋਚ ਮਾਰਨ ਵਾਲੀ ਦਵਾਈ ਪੀ ਲਈ। ਉਸਦੀ ਤਬੀਅਤ ਵਿਗੜਨ ’ਤੇ ਉਸ ਨੂੰ ਢਕੋਲੀ ਹਸਪਤਾਲ ਲਿਜਾਇਆ ਗਿਆ ਜਿਥੋਂ ਡਾਕਟਰਾਂ ਨੇ ਚੰਡੀਗੜ੍ਹ ਸੈਕਟਰ-32 ਰੈਫਰ ਕਰ ਦਿੱਤਾ। ਉਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।