ਕਰਤਾਰਪੁਰ ਲਾਂਘਾ: ਉਦਘਾਟਨੀ ਸਮਾਗਮ ਸਿਆਸਤ ਦੀ ਭੇਟ ਚੜ੍ਹਿਆ

27

November

2018

ਕੈਪਟਨ ਨੇ ਪਾਕਿ ਫ਼ੌਜ ਮੁਖੀ ਬਾਜਵਾ ਨੂੰ ਬਾਜ਼ ਆਉਣ ਦੀ ਚਿਤਾਵਨੀ ਦਿੱਤੀ * ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਐਮ-ਵੀਜ਼ੇ ਦੀ ਤਜਵੀਜ਼ ’ਤੇ ਜ਼ੋਰ * ਸਾਢੇ ਚਾਰ ਮਹੀਨਿਆਂ ’ਚ ਲਾਂਘੇ ਦਾ ਕੰਮ ਮੁਕੰਮਲ ਹੋਵੇਗਾ * ਸਰਹੱਦ ’ਤੇ ਵਿਸ਼ਾਲ ‘ਕਰਤਾਰਪੁਰ ਦੁਆਰ’ ਉਸਾਰਿਆ ਜਾਵੇਗਾ ਪਾਕਿਸਤਾਨ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਡੇਰਾ ਬਾਬਾ ਨਾਨਕ ਵਿਖੇ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਗਮ ਵਿਚ ਹਾਜ਼ਰ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂ। -ਫੋਟੋ: ਵਿਸ਼ਾਲ ਕੁਮਾਰ ਜਗਤਾਰ ਸਿੰਘ ਲਾਂਬਾ/ਦਲਬੀਰ ਸੱਖੋਵਾਲੀਆ/ਹਰਜੀਤ ਸਿੰਘ ਪਰਮਾਰ ਡੇਰਾ ਬਾਬਾ ਨਾਨਕ, 26 ਨਵੰਬਰ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਲਈ ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੇਂਦਰੀ ਤੇ ਸੂਬਾਈ ਮੰਤਰੀਆਂ ਦੀ ਹਾਜ਼ਰੀ ਵਿਚ ਇਸ ਲਾਂਘੇ ਲਈ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਸਮੇਂ ਹਰਿਮੰਦਰ ਸਾਹਿਬ ਤੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਲਿਆਂਦਾ ਪਵਿੱਤਰ ਜਲ ਛਿੜਕਾਇਆ ਗਿਆ। ਪਾਕਿਸਤਾਨ ਵਾਲੇ ਪਾਸੇ ਇਸ ਲਾਂਘੇ ਦਾ ਨੀਂਹ ਪੱਥਰ 28 ਨਵੰਬਰ ਨੂੰ ਰੱਖਿਆ ਜਾਵੇਗਾ। ਅੱਜ ਦੇ ਸਮਾਗਮ ਵਿਚ ਗੁਆਂਢੀ ਮੁਲਕ ਪਾਕਿਸਤਾਨ ਨੂੰ ਸਦਭਾਵਨਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੁਨੇਹਾ ਤਾਂ ਦਿੱਤਾ ਗਿਆ ਪਰ ਇਹ ਸੰਦੇਸ਼ ਪੰਡਾਲ ਵਿਚ ਹਾਜ਼ਰ ਕਾਂਗਰਸੀਆਂ ਅਤੇ ਅਕਾਲੀ ਆਗੂਆਂ ’ਤੇ ਲਾਗੂ ਨਾ ਹੋ ਸਕਿਆ। ਇਸ ਕਾਰਨ ਸਮਾਗਮ ਵਿਚ ਆਪਸੀ ਸਦਭਾਵਨਾ ਦੀ ਥਾਂ ਸਿਆਸਤ ਵਧੇਰੇ ਭਾਰੂ ਰਹੀ। ਕਸਬੇ ਦੇ ਪਿੰਡ ਮਾਨ ਵਿਖੇ ਕੌਮੀ ਪੱਧਰੀ ਸਮਾਗਮ ਵਿਚ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸ਼ਮੂਲੀਅਤ ਕਰਦਿਆਂ ਇਸ ਪ੍ਰਸਤਾਵਿਤ ਲਾਂਘੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਅਮਨ ਸ਼ਾਂਤੀ ਕਾਇਮ ਕਰਨ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਸਾਂਝਾਂ ਨੂੰ ਉਤਸ਼ਾਹਿਤ ਕਰਨ ਵਾਲਾ ਪੁਲ ਦੱਸਿਆ। ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਪੰਡਾਲ ਵਿਚ ਹਾਜ਼ਰ ਲੋਕਾਂ ਨੂੰ ‘ਸਤਿ ਸ੍ਰੀ ਅਕਾਲ’ ਆਖੀ। ਮਗਰੋਂ ਉਨ੍ਹਾਂ ਆਪਣਾ ਭਾਸ਼ਣ ਅੰਗਰੇਜ਼ੀ ਅਤੇ ਹਿੰਦੀ ਵਿਚ ਦਿੱਤਾ, ਜਿਸ ਦਾ ਉਲਥਾ ਨਾਲ ਨਾਲ ਪੰਜਾਬੀ ਵਿਚ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅੱਜ ਦਾ ਦਿਨ ਸੰਭਾਵਿਤ ਤਬਦੀਲੀ ਵਾਲਾ ਹੈ ਅਤੇ ਇਹ ਭਾਰਤ ਸਰਕਾਰ ਵੱਲੋਂ ਲਾਂਘਾ ਬਣਾਉਣ ਦੇ ਫ਼ੈਸਲੇ ਨਾਲ ਹੀ ਸੰਭਵ ਹੋ ਸਕਿਆ ਹੈ। ਗੁਆਂਢੀ ਮੁਲਕ ਪਾਕਿਸਤਾਨ ਨੂੰ ਉਨ੍ਹਾਂ ਆਖਿਆ ਕਿ ਉਹ ਵੀ ਸਿੱਖਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਉਸੇ ਭਾਵਨਾ ਨਾਲ ਇਹ ਲਾਂਘਾ ਉਸਾਰੇ। ਸ੍ਰੀ ਨਾਇਡੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਦੀ ਧਰਤੀ ’ਤੇ ਬਿਤਾਏ ਸਨ ਅਤੇ ਉਨ੍ਹਾਂ ਸਮੁੱਚੀ ਮਾਨਵਤਾ ਨੂੰ ਅਮਨ ਸ਼ਾਂਤੀ, ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੁੜ ਚੰਗਾ ਮੌਕਾ ਮਿਲਿਆ ਹੈ ਅਤੇ ਇਹ ਲਾਂਘਾ ਦੋਵਾਂ ਮੁਲਕਾਂ ਤੇ ਅਵਾਮ ਵਿਚਾਲੇ ਪੁਲ ਦਾ ਕੰਮ ਕਰੇਗਾ। ‘ਇਹ ਲਾਂਘਾ ਪੁਰਾਣੀਆਂ ਦਰਾਰਾਂ ਨੂੰ ਭਰੇਗਾ ਅਤੇ ਨਵੀਆਂ ਸਾਂਝਾਂ ਨੂੰ ਉਤਸ਼ਾਹਿਤ ਕਰੇਗਾ।’ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਵਧੇਰੇ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਪਾਕਿਸਤਾਨੀ ਫ਼ੌਜ ਦੇ ਇਸ਼ਾਰੇ ’ਤੇ ਆਈਐਸਆਈ ਭਾਰਤ ਵਿਚ ਖੂਨ ਖ਼ਰਾਬਾ ਕਰਵਾ ਰਹੀ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਪਾਕਿਸਤਾਨ ਦੇ ਸੱਦੇ ਨੂੰ ਇਸ ਲਈ ਠੁਕਰਾਇਆ ਕਿਉਂਕਿ ਪਾਕਿਸਤਾਨੀ ਫ਼ੌਜ ਸਰਹੱਦ ’ਤੇ ਲੁਕਵੇਂ ਹਮਲੇ ਕਰਕੇ ਭਾਰਤੀ ਫ਼ੌਜੀਆਂ ਨੂੰ ਮਾਰ ਰਹੀ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੁਝਾਅ ਦਿੱਤਾ ਕਿ ਉਹ ਫ਼ੌਜ ਦੀ ਲਗਾਮ ਕੱਸਣ ਅਤੇ ਲੋਕਾਂ ਵਿਰੁੱਧ ਅਤਿਵਾਦ ਨੂੰ ਤੁਰੰਤ ਖ਼ਤਮ ਕਰਨ। ਅਜਿਹਾ ਨਾ ਹੋਣ ਦੀ ਸੂਰਤ ਵਿਚ ਭਾਰਤ ਵੀ ਸਖ਼ਤ ਪ੍ਰਤੀਕਿਰਿਆ ਕਰ ਸਕਦਾ ਹੈ। ਗ੍ਰਨੇਡ ਹਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਰੱਖਿਆ ਕਰਨਾ ਉਨ੍ਹਾਂ ਦਾ ਮੁੱਢਲਾ ਧਰਮ ਹੈ ਅਤੇ ਉਹ ਇਸ ਨੂੰ ਪੂਰੀ ਤਰ੍ਹਾਂ ਨਿਭਾਉਣਗੇ। ਉਂਜ ਉਨ੍ਹਾਂ ਕਿਹਾ ਕਿ ਉਹ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਵਿਚ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਆਖਿਆ ਕਿ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਣ ਵਾਲੇ ਸ਼ਰਧਾਲੂਆਂ ਲਈ ਐਮ ਵੀਜ਼ਾ ਲਾਗੂ ਕੀਤਾ ਜਾਵੇ, ਜਿਸ ਤਹਿਤ ਨਾ ਪਾਸਪੋਰਟ ਅਤੇ ਨਾ ਹੀ ਵੀਜ਼ਾ ਲੈਣ ਦੀ ਲੋੜ ਪਵੇ। ਉਨ੍ਹਾਂ ਸੁਝਾਅ ਰੱਖਿਆ ਕਿ ਪੰਜਾਬ ਸਰਕਾਰ ਸਰਹੱਦ ’ਤੇ ਵਿਸ਼ਾਲ ਗੇਟ ਉਸਾਰੇਗੀ, ਜਿਸ ਨੂੰ ‘ਕਰਤਾਰਪੁਰ ਦਵਾਰ’ ਦਾ ਨਾਂ ਦਿੱਤਾ ਜਾਵੇਗਾ। ਉਨ੍ਹਾਂ ਕਸਬਾ ਕਰਤਾਰਪੁਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਰਤਾਰਪੁਰ ਸਾਹਿਬ ਨਾਲ ਆਪਣੇ ਪੁਰਖਿਆਂ ਦੀ ਸਾਂਝ ਦਾ ਵੀ ਜ਼ਿਕਰ ਕੀਤਾ। ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਖਿਆ ਕਿ ਇਹ ਲਾਂਘਾ ਉਨ੍ਹਾਂ ਦੇ ਵਿਭਾਗ ਵੱਲੋਂ ਸਾਢੇ ਚਾਰ ਮਹੀਨੇ ਦੇ ਸਮੇਂ ਵਿਚ ਮੁਕੰਮਲ ਕਰ ਦਿੱਤਾ ਜਾਵੇਗਾ, ਜਿਸ ਤਹਿਤ ਚਾਰ ਮਾਰਗੀ ਸੜਕ ਦੀ ਉਸਾਰੀ ਕੀਤੀ ਜਾਵੇਗੀ। ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ’ਚ ਨਾਮ ਲਏ ਬਿਨ੍ਹਾਂ ਕੇਂਦਰ ਦੀਆਂ ਪਿਛਲੀਆਂ ਕਾਂਗਰਸੀ ਸਰਕਾਰਾਂ ਨੂੰ ਸਿੱਖ ਵਿਰੋਧੀ ਦੱਸਦਿਆਂ ਨਿਸ਼ਾਨਾ ਬਣਾਇਆ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਨੇ ਕਰਤਾਰਪੁਰ ਲਾਂਘੇ ਦੀ ਸੇਵਾ ਦਾ ਮੌਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਸ਼ੁਕਰਾਨਾ ਕੀਤਾ, ਜੋ ਦੋ ਦਿਨ ਬਾਅਦ ਇਸ ਲਾਂਘੇ ਲਈ ਨੀਂਹ ਪੱਥਰ ਰੱਖ ਰਹੇ ਹਨ। ਉਨ੍ਹਾਂ ਆਪਸੀ ਕੁੜੱਤਣ ਦੂਰ ਕਰਕੇ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਇਸ ਲਾਂਘੇ ਲਈ ਯਤਨ ਕਰਨ ਵਾਸਤੇ ਆਖਿਆ। ਸਮਾਗਮ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਵੀ ਸੰਬੋਧਨ ਕੀਤਾ। ਮੰਚ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਵਿਜੈ ਸਾਂਪਲਾ, ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ, ਸਿੱਖਿਆ ਮੰਤਰੀ ਓ ਪੀ ਸੋਨੀ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੈ ਇੰਦਰ ਸਿੰਗਲਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਜ਼ਰ ਸਨ। ਵੱਖਰੇ ਮੰਚ ’ਤੇ ਧਾਰਮਿਕ ਸ਼ਖ਼ਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਸੰਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ ਆਦਿ ਸ਼ਾਮਲ ਸਨ। ਜਦੋਂ ਧਰਮਸੋਤ ਨੂੰ ਵੀਵੀਆਈਪੀ ਰਸਤੇ ’ਤੇ ਜਾਣ ਤੋਂ ਰੋਕਿਆ ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਡੇਰਾ ਬਾਬਾ ਨਾਨਕ ਕੋਲ ਹੋਏ ਸਮਾਗਮ ਦੌਰਾਨ ਵੀਵੀਆਈਪੀਜ਼ ਲਈ ਬਣਾਏ ਰਸਤੇ ’ਚੋਂ ਲੰਘਣ ’ਤੇ ਪੁਲੀਸ ਨੇ ਰੋਕ ਦਿੱਤਾ ਗਿਆ। ਦਰਅਸਲ, ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਪ ਰਾਸ਼ਟਪਰਤੀ ਵੈਂਕਈਆ ਨਾਇਡੂ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਹਰਦੀਪ ਸਿੰਘ ਪੁਰੀ ਅਤੇ ਹਰਸਿਮਰਤ ਕੌਰ ਬਾਦਲ, ਰਾਜਪਾਲ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਖ਼ਾਸ ਰਸਤਾ ਬਣਾਇਆ ਗਿਆ ਸੀ। ਇਸ ਰਸਤੇ ’ਤੇ ਵਿਧਾਇਕ ਅਤੇ ਮੰਤਰੀ ਨਹੀਂ ਜਾ ਸਕਦੇ ਸਨ। ਜੰਗਲਾਤ ਮੰਤਰੀ ਸ੍ਰੀ ਧਰਮਸੋਤ ਨੇ ਜਦੋਂ ਇਸ ਰਸਤੇ ’ਚ ਦਾਖ਼ਲ ਹੋਣ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਉੱਥੇ ਹਾਜ਼ਰ ਕੇਂਦਰ ਸਰਕਾਰ ਵੱਲੋਂ ਭੇਜੇ ਸੁਰੱਖਿਆ ਕਰਮੀਆਂ ਅਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੇ ਰੋਕ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਪੁਲੀਸ ਅਧਿਕਾਰੀਆਂ ਨਾਲ ਕੁਝ ਤਲਖ਼ਕਲਾਮੀ ਵੀ ਹੋਈ ਦੱਸੀ ਜਾ ਰਹੀ ਹੈ। ਹਰਸਿਮਰਤ ਦੇ ਭਾਸ਼ਣ ਸਮੇਂ ਸੰਤਾਂ ਨੇ ਪੰਡਾਲ ਛੱਡਿਆ ਸਮਾਗਮ ਦੌਰਾਨ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਭਾਸ਼ਣ ਦੇਣ ਲੱਗੀ ਤਾਂ ਦੂਜੇ ਮੰਚ ’ਤੇ ਬੈਠੇ ਸੰਤ ਸਮਾਜ ਦੇ ਆਗੂ ਪੰਡਾਲ ਛੱਡ ਕੇ ਚਲੇ ਗਏ। ਉਨ੍ਹਾਂ ਦੀ ਥਾਂ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੇ ਸਾਥੀ ਬੈਠ ਗਏ। ਸਮਾਗਮ ਦੌਰਾਨ ਕਿਸੇ ਵੀ ਆਗੂ ਨੇ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਨਾਂ ਵੀ ਨਹੀਂ ਲਿਆ। ‘ਗ਼ੈਰਹਾਜ਼ਰ’ ਹੋ ਕੇ ਵੀ ਹਾਜ਼ਰ ਰਹੇ ਸਿੱਧੂ ਬਟਾਲਾ (ਨਿੱਜੀ ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਉਚੇਚੇ ਤੌਰ ’ਤੇ ਡੇਰਾ ਬਾਬਾ ਨਾਨਕ ਪਹੁੰਚ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਉਹ ਵਿਸ਼ੇਸ਼ ਜਹਾਜ਼ ਰਾਹੀਂ ਮੱਧ ਪ੍ਰਦੇਸ਼ ਤੋਂ ਸਵੇਰੇ ਅੰਮ੍ਰਿਤਸਰ ਪੁੱਜੇ ਸਨ ਜਿੱਥੋਂ ਉਹ ਸੜਕ ਮਾਰਗ ਰਾਹੀਂ ਇਥੇ ਪੁੱਜੇ ਸਨ। ਬਾਅਦ ’ਚ ਚੋਣ ਪ੍ਰਚਾਰ ਲਈ ਉਹ ਮੁੜ ਮੱਧ ਪ੍ਰਦੇਸ਼ ਰਵਾਨਾ ਹੋ ਗਏ। ਭਾਵੇਂ ਸਿੱਧੂ ਉਦਘਾਟਨੀ ਸਮਾਗਮ ’ਚ ਹਾਜ਼ਰ ਨਹੀਂ ਸਨ ਪਰ ਉਨ੍ਹਾਂ ਦੇ ਤੜਕੇ ਆ ਕੇ ਚਲੇ ਜਾਣ ਦੇ ਚਰਚੇ ਦਿਨ ਭਰ ਹੁੰਦੇ ਰਹੇ। ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਬੰਧੀ ਅੱਜ ਹੋਏ ਮੁੱਖ ਸਮਾਗਮ ਵਿੱਚ ਸਿੱਧੂ ਦੇ ‘ਦੂਰ’ ਰਹਿਣ ਦੀ ਵਜ੍ਹਾ ਪੁੱਛਣ ’ਤੇ ਉਨ੍ਹਾਂ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ਨਾਲ ਜਵਾਬ ਦਿੱਤਾ,‘‘ਏਨ੍ਹਾ ਹੀ ਬਹੁਤ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ।’’ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਰਾਸਤੀ ਬੁੱਕਲ ਵੱਡੀ ਹੈ ਪਰ ਅੱਜ ਇੱਕ ਬੁੱਕਲ ਵਿੱਚ ਬੈਠੇ ਸਿਆਸਤਦਾਨ ਇੱਕ-ਦੂਸਰੇ ਨੂੰ ਚੂੰਢੀਆਂ ਵੱਢਦੇ ਦੇਖੇ ਗਏਜੋ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਮੁੱਖ ਸਮਾਗਮ ਦੌਰਾਨ ਕਿਸੇ ਵੀ ਆਗੂ ਨੇ ਆਪਣੇ ਭਾਸ਼ਣ ’ਚ ਸਿੱਧੂ ਦਾ ਨਾਮ ਨਹੀਂ ਲਿਆ। ਆਮ ਲੋਕਾਂ ’ਚ ਚਰਚਾ ਸੀ ਕਿ ਆਪਣੇ ਕਰੀਬੀ ਦੋਸਤ ਤੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ’ਤੇ ਸੱਦੇ ਦੌਰਾਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਕਰਨ ਦਾ ਮੁੱਢ ਬੰਨ੍ਹਣ ਵਾਲੇ ਸਿੱਧੂ ਦੀ ਆਪਣੇ ਹੀ ਆਗੂਆਂ ਨੂੰ ਯਾਦ ਕਿਉਂ ਨਹੀਂ ਆਈ? ਉਂਜ ਸਥਾਨਕ ਸੰਗਤ ਨੇ ਕਰਤਾਰਪੁਰ ਸਾਹਿਬ ਨੂੰ ਜਾਂਦੇ ਰਸਤੇ ’ਤੇ ਉਸ ਦੇ ਬੋਰਡ ਲਗਾਏ ਹੋਏ ਸਨ। ਕੈਪਟਨ ਵੱਲੋਂ 965 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ ਡੇਰਾ ਬਾਬਾ ਨਾਨਕ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਅਤੇ ਨਾਲ ਲਗਦੇ ਇਲਾਕਿਆਂ ਦੇ ਵਿਕਾਸ ਲਈ 965 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਨੰਗਲ ’ਚ 400 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਸਥਾਪਤ ਕੀਤਾ ਜਾਵੇਗਾ। ਕਲਾਨੌਰ ’ਚ 10 ਕਰੋੜ ਰੁਪਏ ਦੀ ਲਾਗਤ ਨਾਲ ਡਿਗਰੀ ਕਾਲਜ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ 56.6 ਕਰੋੜ ਰੁਪਏ ਖ਼ਰਚੇ ਜਾਣਗੇ ਜਦਕਿ ਪੁਲਾਂ ਨੂੰ ਅਪਗ੍ਰੇਡ ਕਰਨ ਲਈ 9 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਡੇਰਾ ਬਾਬਾ ਨਾਨਕ ਦੀਆਂ ਮੰਡੀਆਂ ਦੇ ਨਵੀਨੀਕਰਨ ਲਈ 10.7 ਕਰੋੜ ਰੁਪਏ ਖ਼ਰਚੇ ਜਾਣਗੇ। ਅੱਪਰ ਬਾਰੀ ਦੁਆਬ ਨਹਿਰ ਰਾਹੀਂ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਬਲਾਕਾਂ ਦੇ 40 ਪਿੰਡਾਂ ’ਚ 61 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲਾ ਪਾਣੀ ਦਿੱਤਾ ਜਾਵੇਗਾ। ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਘੁੰਮਣ ਲਈ ਜਲ ਸਪਲਾਈ ਅਤੇ ਸੀਵਰੇਜ ਪ੍ਰਾਜਕੈਟ ਲਈ 17 ਕਰੋੜ ਅਤੇ 58 ਪ੍ਰਭਾਵਿਤ ਪਿੰਡਾਂ ਦੇ ਜਲ ਪ੍ਰਾਜੈਕਟ ਲਈ 98 ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਚਾਹਲ ਕਲਾਂ (ਅਚਲ ਸਾਹਿਬ), ਪੱਖੋਕੇ ਡੇਰਾ ਬਾਬਾ ਨਾਨਕ ਤੇ ਵਡਾਲਾ ਗ੍ਰੰਥੀਆਂ ਪਿੰਡਾਂ ਦੇ ਚਹੁਤਰਫ਼ਾ ਵਿਕਾਸ ਦਾ ਕੰਮ ਸੌਂਪਿਆ ਗਿਆ ਤੇ ਇਹ ਪਿੰਡ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਹੋਏ ਹਨ।