ਡੀਜੀਪੀ ਢਿੱਲੋਂ ਵੱਲੋਂ ਲੁਧਿਆਣਾ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

21

November

2018

ਲੁਧਿਆਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ ’ਤੇ ਹੋਏ ਬੰਬ ਧਮਾਕੇ ਤੋਂ ਬਾਅਦ ਸਨਅਤੀ ਸ਼ਹਿਰ ਵਿਚ ਵੀ ਸੁਰੱਖਿਆ ਵਧਾ ਦਿੱਤੀ ਹੈ। ਅੱਜ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਡੀਜੀਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਪੁੱਜੇ, ਜਿਨ੍ਹਾਂ ਨੇ ਪੁਲੀਸ ਕਮਿਸ਼ਨਰ ਦਫ਼ਤਰ ਨੇੜੇ ਸਥਿਤ ਸਿੰਗਲ ਵਿੰਡੋ ਵਿਚ ਮੀਟਿੰਗ ਕੀਤੀ। ਇਸ ਮੌਕੇ ਪੁਲੀਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਐੱਸਐੱਸਪੀ ਖੰਨਾ ਵਰਿੰਦਰ ਬਰਾੜ, ਐੱਸਐੱਸਪੀ ਜਗਰਾਉਂ ਸ੍ਰੀ ਦਹੀਆ ਤੇ ਐੱਸਐੱਸਪੀ ਨਵਾਂ ਸ਼ਹਿਰ ਦੀਪਕ ਹਲੋਰੀ ਮੌਜੂਦ ਸਨ। ਮੀਟਿੰਗ ਵਿਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਡੀਜੀਪੀ ਢਿੱਲੋਂ ਅੱਜ ਸਵੇਰੇ ਲੁਧਿਆਣਾ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਪਹਿਲਾਂ ਇੱਥੋਂ ਦੇ ਪੁਲੀਸ ਕਮਿਸ਼ਨਰ ਡਾ. ਗਿੱਲ ਵੱਲੋਂ ਸ਼ਹਿਰ ਵਿਚ ਕੀਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਲੁਧਿਆਣਾ ਫੇਰੀ ’ਤੇ ਹਨ। ਉਨ੍ਹਾਂ ਨੇ ਸਨਅਤੀ ਸ਼ਹਿਰ ਵਿਚ ਦੋ ਸਮਾਗਮਾਂ ਵਿਚ ਹਿੱਸਾ ਲੈਣਾ ਹੈ। ਇਸ ਦੌਰਾਨ ਲੁਧਿਆਣਾ ਪੁਲੀਸ ਨੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰਨ ਦੇ ਨਾਲ ਸ਼ਹਿਰ ਦੇ ਵੱਡੇ ਮੰਦਰਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਹੈ। ਸਵੇਰੇ ਤੇ ਸ਼ਾਮ ਪੁਲੀਸ ਮੁਲਾਜ਼ਮ ਮੰਦਿਰਾਂ ਤੇ ਗੁਰਦੁਆਰਿਆਂ ਦੇ ਬਾਹਰ ਪਹਿਰਾ ਦਿੰਦੇ ਹਨ। ਲੁਧਿਆਣਾ ਦੇ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਦੇ ਧਾਰਮਿਕ ਸਥਾਨਾਂ ਦੇ ਬਾਹਰ ਪੀਸੀਆਰ ਮੁਲਾਜ਼ਮਾਂ ਨੂੰ ਗਸ਼ਤ ਵਧਾਉਣ ਦੇ ਹੁਕਮ ਦਿੱਤੇ ਗਏ ਹਨ ਤੇ ਪੁਲੀਸ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ।