ਖਟੌਲੀ ਕਾਂਡ: ਪੁਲੀਸ ਨੇ ਸੱਤ ਮੈਂਬਰੀ ਟੀਮ ਬਣਾਈ

21

November

2018

ਪੰਚਕੂਲਾ, ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਇਲਾਕੇ ਦੇ ਪਿੰਡ ਖਟੌਲੀ ਵਿੱਚ ਕੁਝ ਦਿਨ ਪਹਿਲਾਂ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦਾ ਮਾਮਲਾ ਸੁਲਝਾਉਣ ਲਈ ਪੁਲੀਸ ਨੇ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਇਸ ਵਿੱਚ ਏਸੀਪੀ ਕਾਲਕਾ, ਸੈਕਟਰ-5 ਦੇ ਐਸਐਚਓ, ਦੋ ਸਬ-ਇੰਪਸੈਕਟਰ ਤੇ ਇਕ ਚੌਕੀ ਇੰਚਾਰਜ ਨੂੰ ਸ਼ਾਮਲ ਕੀਤਾ ਗਿਆ ਹੈ। ਪੁਲੀਸ ਇਸ ਵਾਰਦਾਤ ਨੂੰ ਲੈ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਈ ਥਾਈਂ ਛਾਪੇ ਮਾਰ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਜ਼ਮੀਨ-ਜਾਇਦਾਦ ਨਾਲ ਸਬੰਧਤ ਹੋ ਸਕਦਾ ਹੈ। ਇਸੇ ਦੌਰਾਨ ਪੁਲੀਸ ਨੇ ਇਸ ਪਰਿਵਾਰ ਦੀ ਬੱਚੀ ਸ਼ੈਲੀ (12) ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਪਿੰਡ ਦੇ ਲੋਕਾਂ ਅਨੁਸਾਰ 2008 ਵਿੱਚ ਰਾਜ ਬਾਲਾ ਦੇ ਬੇਟੇ ਉਪਿੰਦਰ ਸਿੰਘ ਨੇ ਸੁਸਾਈਡ ਕਰ ਲਿਆ ਸੀ ਤੇ ਅੱਠ ਸਾਲ ਬਾਦ ਰਾਜ ਬਾਲਾ ਦੇ ਬੇਟੇ ਉਪਿੰਦਰ ਸਿੰਘ ਦੀ ਪਤਨੀ ਸੁਧਾ ਸ਼ੱਕੀ ਹਾਲਤ ਵਿੱਚ ਲਾਪਤਾ ਹੈ ਜਿਸ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ। ਪੁਲੀਸ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਹੱਤਿਆਵਾਂ ਦੇ ਉਲਝੇ ਤਾਰ ਸੁਲਝਾਉਣ ’ਚ ਲੱਗੀ ਹੋਈ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਆਸਪਾਸ ਇਲਾਕਿਆਂ ਦੇ ਕਈ ਸੀਸੀਟੀਵੀ ਕੈਮਰੇ ਵੀ ਖੰਗਾਲੇ ਹਨ ਤੇ ਪੁਲੀਸ ਪਰਿਵਾਰ ਦੇ ਕਈ ਫੋਨਾਂ ਦੀ ਕਾਲ ਡੀਟੇਲਜ਼ ਦੀ ਵੀ ਛਾਣਬੀਣ ਕਰ ਰਹੀ ਹੈ।