ਹੁਣ ‘ਸੇਵਾਦਾਰਾਂ’ ਹੱਥ ਹੋਵੇਗੀ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਕਮਾਂਡ

20

November

2018

ਲੁਧਿਆਣਾ, ਅੰਮ੍ਰਿਤਸਰ ਦੇ ਰਾਜਾਸਾਂਸੀ ਵਿਚ ਨਿਰੰਕਾਰੀ ਸਤਿਸੰਗ ਭਵਨ ਵਿਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲੀਸ ਨੇ ਤਾਂ ਸਾਰੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰ ਹੀ ਦਿੱਤਾ ਹੈ, ਪਰ ਨਾਲ ਹੀ ਹੁਣ ਨਿਰੰਕਾਰੀ ਮਿਸ਼ਨ ਦੇ ਡੇਰਿਆਂ ਦੀ ਅੰਦਰੂਨੀ ਸੁਰੱਖਿਆ ਲਈ ਨਿਰੰਕਾਰੀ ਮਿਸ਼ਨ ਨੇ ਆਪਣੇ ‘ਸੇਵਾਦਾਰਾਂ’ ਦੀ ਸੁਰੱਖਿਆ ਛਤਰੀ ਤਿਆਰ ਕਰ ਲਈ ਹੈ। ਹੁਣ ਸਤਿਸੰਗਾਂ ਦੌਰਾਨ ਨਿਰੰਕਾਰੀ ਭਵਨਾਂ ਦੀ ਬਾਹਰੀ ਸੁਰੱਖਿਆ ਪੁਲੀਸ ਕਰੇਗੀ ਤੇ ਅੰਦਰਲੀ ਸੁਰੱਖਿਆ ਦੀ ਕਮਾਂਡ ‘ਸੇਵਾਦਾਰਾਂ’ ਦੇ ਹੱਥ ਹੋਵੇਗੀ। ਇਸ ਦੇ ਲਈ ਨਿਰੰਕਾਰੀ ਮਿਸ਼ਨ ਦੇ ‘ਸੇਵਾਦਾਰਾਂ’ ਨੇ ਤਿਆਰੀ ਕਰ ਲਈ ਹੈ। ਲੁਧਿਆਣਾ ਜ਼ੋਨ ਦੇ ਇੰਚਾਰਜ ਐੱਚ ਐੱਸ ਚਾਵਲਾ ਨੇ ਦੱਸਿਆ ਕਿ ਇਸ ਜ਼ੋਨ ਅਧੀਨ 37 ਬਰਾਂਚਾਂ ਹਨ, ਜਿੱਥੇ ਹਫ਼ਤੇ ਵਿੱਚ ਦੋ ਦਿਨ ਸਤਿਸੰਗ ਹੁੰਦੇ ਹਨ। ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਹੋਏ ਧਮਾਕੇ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੀ ਸੰਗਤ ਵਿਚ ਕੋਈ ਡਰ ਸਹਿਮ ਨਹੀਂ, ਬਲਕਿ ਸੰਗਤ ਵਿੱਚ ਆਪਣੇ ਮਿਸ਼ਨ ਪ੍ਰਤੀ ਜੋਸ਼ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਿਸ਼ਨ ਦਾ ਮਕਸਦ ਸਿਰਫ਼ ਸ਼ਾਂਤੀ ਹੈ, ਜਿਸ ਦੇ ਰਾਹ ’ਤੇ ਉਹ ਤੁਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਹੋਏ ਧਮਾਕੇ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੇ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਹੈ। ਪੁਲੀਸ ਆਪਣੇ ਪੱਧਰ ’ਤੇ ਇੱਥੇ ਆਉਣ ਵਾਲੇ ਲੋਕਾਂ ’ਤੇ ਨਜ਼ਰ ਰੱਖ ਰਹੀ ਹੈ। ਪੀਸੀਆਰ ਵੈਨ 24 ਘੰਟੇ ਨਿਰੰਕਾਰੀ ਮਿਸ਼ਨ ਦੀਆਂ ਸ਼ਾਖ਼ਾਵਾਂ ਦੇ ਬਾਹਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ੋਨ ਵਿਚ 37 ਸ਼ਾਖ਼ਾਵਾਂ ਹਨ, ਜਿਨ੍ਹਾਂ ਵਿਚ ਲੁਧਿਆਣਾ ਦੇ ਨਾਲ ਨਾਲ ਮੁੱਲਾਂਪੁਰ, ਮਾਛੀਵਾੜਾ, ਸਮਰਾਲਾ, ਖੰਨਾ, ਪਾਇਲ, ਦੋਰਾਹਾ, ਸਾਹਨੇਵਾਲ, ਮਲੋਦ, ਡੇਹਲੋਂ ਤੇ ਰਾਏਕੋਟ ਸਮੇਤ ਕਈ ਪਿੰਡ ਸ਼ਾਮਲ ਹਨ। ਇਸ ਤੋਂ ਇਲਾਵਾ ਲੁਧਿਆਣਾ ਵਿਚ ਪੰਜ ਥਾਵਾਂ ’ਤੇ ਨਿਰੰਕਾਰੀ ਮਿਸ਼ਨ ਦੇ ਡੇਰੇ ਹਨ। ਨਿਰੰਕਾਰੀ ਮਿਸ਼ਨ ਦੀਆਂ ਸਤਿਸੰਗਾਂ ਦੌਰਾਨ ਪਹਿਲਾਂ ਬਾਹਰ ਟਰੈਫ਼ਿਕ ਤੇ ਅੰਦਰ ਸੰਗਤ ਨੂੰ ਸਹੀ ਥਾਂ ਤੱਕ ਪਹੁੰਚਾਉਣ ਦਾ ਕੰਮ ‘ਸੇਵਾਦਾਰਾਂ’ ਵੱਲੋਂ ਕੀਤਾ ਜਾਂਦਾ ਹੈ। ਹੁਣ ਧਮਾਕੇ ਤੋਂ ਬਾਅਦ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ। ਅੱਜ ਵੀ ਪੁਲੀਸ ਦੇ ਏਸੀਪੀ ਪੱਧਰ ਦੇ ਅਧਿਕਾਰੀ ਨੇ ਲੁਧਿਆਣਾ ਦੇ ਭਾਰਤ ਨਗਰ ਚੌਕ ਤੇ ਪਿੰਡ ਸੰਗੋਵਾਲ ਨਹਿਰ ਨੇੜੇ ਬਣੇ ਸਤਿਸੰਗ ਘਰਾਂ ਵਿੱਚ ਮੌਕੇ ਦਾ ਜਾਇਜ਼ਾ ਲਿਆ। ਸੇਵਾਦਾਰਾਂ ਵੱਲੋਂ ਸੁਰੱਖਿਆ ਦੀ ਕਮਾਂਡ ਸੰਭਾਲਣ ਬਾਰੇ ਉਨ੍ਹਾਂ ਦੱਸਿਆ ਕਿ ਧਮਾਕੇ ਤੋਂ ਬਾਅਦ ਹੁਣ ਸਤਿਸੰਗ ਸਮੇਂ ਦੌਰਾਨ ਅੰਦਰ ਦੀ ਸੁਰੱਖਿਆ ਲਈ ਸੇਵਾਦਾਰਾਂ ਦੀ ਡਿਊਟੀ ਲਾਈ ਜਾਵੇਗੀ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਰਾਜਾਸਾਂਸੀ ਸਥਿਤ ਨਿਰੰਕਾਰੀ ਡੇਰੇ ’ਤੇ ਹਮਲੇ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਲੁਧਿਆਣਾ ਦੇ 5 ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਸੀ।