ਸੈਕਟਰ-46 ਵਿੱਚ ਇੱਕ ਦੁਕਾਨ ਦਾ ਸਾਮਾਨ ਜ਼ਬਤ ਕਰਦੇ ਹੋਏ ਨਿਗਮ ਦੇ ਕਰਮਚਾਰੀ।

20

November

2018

ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਰਕਾਰੀ ਥਾਵਾਂ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿੰਗ ਦੇ ਅਮਲੇ ਨੇ ਸਰਕਾਰੀ ਥਾਂ ’ਤੇ ਰੱਖਿਆ ਸਾਮਾਨ ਜ਼ਬਤ ਕਰ ਕੇ ਦੁਕਾਨਦਾਰਾਂ ਨੇ ਚਲਾਨ ਕੱਟੇ। ਉੱਧਰ, ਦੁਕਾਨਦਾਰਾਂ ਨੇ ਵਿੰਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ’ਤੇ ਪੱਖਪਾਤ ਦੇ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਨਗਰ ਨਿਗਮ ਦੇ ਨਾਜਾਇਜ਼ ਕਬਜ਼ੇ ਹਟਾਊ ਦਸਤੇ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਰਕਾਰੀ ਥਾਂ ’ਤੇ ਰੱਖਿਆ ਸਾਮਾਨ ਜ਼ਬਤ ਕੀਤਾ। ਇਸ ਦੌਰਾਨ ਅਮਲੇ ਨੇ ਕੁੱਲ 125 ਨਾਜਾਇਜ਼ ਕਾਬਜ਼ਕਾਰਾਂ ਦਾ ਸਾਮਾਨ ਜ਼ਬਤ ਕਰ ਕੇ ਉਨ੍ਹਾਂ ਦੇ ਚਲਾਨ ਕੱਟੇ। ਇਸ ਦੌਰਾਨ ਸੈਕਟਰ-48 ਦੀ ਮੋਟਰ ਮਾਰਕੀਟ ਵਿੱਚ ਨਾਜਾਇਜ਼ ਤੌਰ ’ਤੇ ਡੰਪ ਕੀਤੇ ਤਿੰਨ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਐਨਫੋਰਸਮੈਂਟ ਵਿੰਗ ਦੀ ਇਸ ਕਾਰਵਾਈ ਦੀ ਆਲੋਚਨਾ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਮਾਰਕੀਟਾਂ ਅਤੇ ਸੜਕਾਂ ਕੰਢੇ ਪੈਦਲ ਚਲਣ ਲਈ ਬਣਾਏ ਫੁੱਟਪਾਥਾਂ ’ਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨਜ਼ਰ ਨਹੀਂ ਆਉਂਦੇ ਹਨ ਅਤੇ ਜਿਹੜੇ ਦੁਕਾਨਦਾਰ ਪ੍ਰਸ਼ਾਸਨ ਨੂੰ ਪੂਰਾ ਟੈਕਸ ਦੇ ਕੇ ਆਪਣਾ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਨੂੰ ਨਾਜਾਇਜ਼ ਕਬਜ਼ਿਆਂ ਦੇ ਨਾਂ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦੇ ਵਰਾਂਡੇ ਜਾਂ ਦੁਕਾਨ ਦੀ ਹੱਦ ਤੋਂ ਇੱਕ ਫੁੱਟ ਬਾਹਰ ਆਪਣਾ ਸਾਮਾਨ ਰੱਖ ਲੈਂਦਾ ਹੈ ਤਾਂ ਨਿਗਮ ਦੇ ਕਰਮਚਾਰੀ ਆ ਕੇ ਧਮਕਾਉਂਦੇ ਹਨ ਅਤੇ ਚਲਾਨ ਕੱਟ ਕੇ ਸਾਮਾਨ ਜ਼ਬਤ ਕਰ ਲੈਂਦੇ ਹਨ ਪਰ ਦੂਜੇ ਪਾਸੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰੇਹੜੀ-ਫੜ੍ਹੀ ਵਾਲਿਆਂ ਨੇ ਬਾਜ਼ਾਰਾਂ ਦੀਆਂ ਪਾਰਕਿੰਗਾਂ ਸਮੇਤ ਹੋਰ ਜਨਤਕ ਥਾਵਾਂ ’ਤੇ ਖੁੱਲ੍ਹੇਆਮ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਪ੍ਰਸ਼ਾਸਨ ਇੱਥੋਂ ਦੇ ਵਪਾਰੀਆਂ ਨੂੰ ਨਾਜਾਇਜ਼ ਕਬਜ਼ਿਆਂ ਦੇ ਨਾਂ ’ਤੇ ਤੰਗ ਕਰ ਰਿਹਾ ਹੈ ਜਦੋਂਕਿ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਰੇਹੜੀ-ਫੜ੍ਹੀ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਂਡਰ ਐਕਟ ਨੂੰ ਲੈ ਕੇ ਅਦਾਲਤ ਨੇ ਫਿਲਹਾਲ ਰਜਿਸਟਰਡ ਵੈਂਡਰਾਂ ਦੇ ਚਾਲਾਨ ਕੱਟਣ ’ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਬਜ਼ਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਨਿਗਮ ਦੇ ਕਬਜ਼ਾ ਹਟਾਊ ਦਸਤੇ ਦੀਆਂ ਟੀਮਾਂ ਵੱਲੋਂ ਅਜਿਹੇ ਕਾਬਜ਼ਕਾਰਾਂ ਦੇ ਚਲਾਨ ਕੱਟ ਕੇ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਲੋਕਾਂ ਦੇ ਚੱਲਣ ਲਈ ਛੱਡੀ ਗਈ ਥਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਵੀ ਹਟਾਏ ਜਾ ਰਹੇ ਹਨ।