20
September
2018
ਇਸਲਾਮਾਬਾਦ/ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਹੁੰਦੇ ਹਨ ਕਿ ਭਾਰਤ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਵੇ। ਇਸ ਲਈ ਇਮਰਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਦੀ ਬੈਠਕ ਤੋਂ ਵੱਖ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਗੱਲਬਾਤ ਕਰਨ। ਹਾਲਾਂਕਿ ਭਾਰਤ ਦਾ ਰਵੱਈਆ ਇਹੀ ਹੈ ਕਿ 'ਅੱਤਵਾਦ ਤੇ ਵਾਰਤਾ ਨਾਲ-ਨਾਲ ਨਹੀਂ ਹੋ ਸਕਦੀ'।
ਨਿਊਯਾਰਕ ਵਿਚ ਹੋਵੇਗੀ ਵਿਦੇਸ਼ ਮੰਤਰੀਆਂ ਦੀ ਗੱਲਬਾਤ
ਵਿਦੇਸ਼ ਮੰਤਰੀਆਂ ਦੀ ਗੱਲਬਾਤ ਦੇ ਇਲਾਵਾ ਇਮਰਾਨ ਖਾਨ ਨੇ ਇਹ ਪ੍ਰਸਤਾਵ ਵੀ ਰੱਖਿਆ ਹੈ ਕਿ ਭਾਰਤ ਜਲਦੀ ਤੋਂ ਜਲਦੀ ਪਾਕਿਸਤਾਨ ਵਿਚ ਸਾਰਕ ਸੰਮੇਲਨ ਆਯੋਜਿਤ ਕਰਾਉਣ 'ਤੇ ਵਿਚਾਰ ਕਰੇ। ਦੋਹਾਂ ਦੇਸ਼ਾਂ ਦੇ ਸੂਤਰਾਂ ਨੇ ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦੀ ਮੁਲਾਕਾਤ ਦੀ ਸੰਭਾਵਨਾ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਸਬੰਧਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਮਰਾਨ ਨੇ ਕਸ਼ਮੀਰ ਸਮੇਤ ਸਾਰੇ ਵੱਡੇ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।
ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਨਿਊਯਾਰਕ ਵਿਚ 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੋ ਅਗਲੇ 9 ਦਿਨ ਤੱਕ ਚੱਲੇਗੀ। ਇਸ ਦੌਰਾਨ ਸਾਰਕ ਵਿਦੇਸ਼ ਮੰਤਰੀਆਂ ਦੀ ਵੀ ਬੈਠਕ ਹੋ ਸਕਦੀ ਹੈ। ਉੱਚ ਦਰਜੇ ਦੇ ਸੂਤਰਾਂ ਨੇ ਕਿਹਾ ਕਿ 27 ਸਤੰਬਰ ਨੂੰ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਇਹ ਮੁਲਾਕਾਤ ਹੋ ਸਕਦੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਕਟਰ ਫੈਜ਼ਲ ਨੇ ਬੁੱਧਵਾਰ ਨੂੰ ਕਿਹਾ,''ਹਾਲੇ ਇਸ ਬਾਰੇ ਵਿਚ ਕੋਈ ਫੈਸਲਾ ਨਹੀਂ ਹੋਇਆ ਹੈ। ਅਸੀਂ ਇਸ ਸਬੰਧੀ ਕੋਸ਼ਿਸ਼ ਵਿਚ ਲੱਗੇ ਹੋਏ ਹਾਂ।'' ਉੱਧਰ ਦੂਜੇ ਪਾਸੇ ਹਾਈ ਦਰਜੇ ਦੇ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਦਾ ਰਵੱਈਆ ਸਹੀ ਹੈ ਕਿ ਅੱਤਵਾਦ ਅਤੇ ਵਾਰਤਾ ਨਾਲ-ਨਾਲ ਨਹੀਂ ਹੋ ਸਕਦੀ। ਇਸ ਬਾਰੇ ਵਿਚ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਵਾਰਤਾ ਹੋਵੇਗੀ ਜਾਂ ਨਹੀਂ।'