ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਨੂੰ ਐੱਨਜੀਟੀ ਤੋਂ ਨਹੀਂ ਮਿਲੀ ਰਾਹਤ

20

November

2018

ਡੇਰਾਬਸੀ, ਡੇਰਾਬਸੀ ਇਲਾਕੇ ਵਿੱਚ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਅੱਜ ਕੇਸ ਦੀ ਤਰੀਕ ਦੌਰਾਨ ਕਿਸੇ ਉਦਯੋਗ ਨੂੰ ਰਾਹਤ ਨਹੀਂ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਬੰਦ ਕੀਤੇ 57 ਵਿੱਚੋਂ 27 ਉਦਯੋਗਾਂ ਨੇ ਐੱਨਜੀਟੀ ਕੋਲ ਪਹੁੰਚ ਕਰਦਿਆਂ ਫ਼ੈਸਲੇ ’ਤੇ ਸਟੇਅ ਦੀ ਮੰਗ ਕੀਤੀ ਸੀ ਪਰ ਟ੍ਰਿਬਿਊਨਲ ਨੇ ਉਨ੍ਹਾਂ ਦੀ ਮੰਗ ਠੁਕਰਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੇ ਪਿੰਡ ਈਸਾਪੁਰ ਦੇ ਵਸਨੀਕ ਨੰਬਰਦਾਰ ਕਰਨੈਲ ਸਿੰਘ ਅਤੇ ਹਰਦਿੱਤ ਸਿੰਘ ਕਾਲਾ ਸਣੇ ਹੋਰਨਾਂ ਨੇ ਇਲਾਕੇ ਦੇ ਉਦਯੋਗਾਂ ਖ਼ਿਲਾਫ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਲਗਾਉਂਦਿਆਂ ਇਕ ਪਟੀਸ਼ਨ ਦਾਖਲ ਕੀਤੀ ਸੀ। ਐੱਨਜੀਟੀ ਨੇ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇੱਥੋਂ ਦੇ ਉਦਯੋਗਾਂ ਦੀ ਜਾਂਚ ਕਰਵਾਈ ਗਈ। ਕੇਂਦਰੀ ਟੀਮ ਨੇ 101 ਉਦਯੋਗਾਂ ਦੀ ਜਾਂਚ ਕਰ ਕੇ 57 ਉਦਯੋਗਾਂ ਵਿੱਚ ਨਿਯਮਾਂ ਦੀ ਊਲੰਘਣਾ ਪਾਈ ਸੀ ਤੇ ਇਸ ਸਬੰਧੀ ਰਿਪੋਰਟ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਸੀ। ਐੱਨਜੀਟੀ ਨੇ ਰਿਪੋਰਟ ਦੇ ਅਧਾਰ ’ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪ੍ਰਦੂਸ਼ਣ ਫੈਲਾਉਣ ਵਾਲੇ 57 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਸਨ। ਇਨ੍ਹਾਂ ਵਿੱਚੋਂ ਚਾਰ ਉਦਯੋਗਾਂ ਨੂੰ ਐੱਨਜੀਟੀ ਨੇ ਸ਼ਰਤਾਂ ਨਾਲ ਰਾਹਤ ਦਿੰਦੇ ਹੋਏ ਬੰਦ ਕਰਨ ਦੇ ਹੁਕਮਾਂ ’ਤੇ ਸਟੇਅ ਦੇ ਦਿੱਤੀ ਹੈ ਪਰ ਫੋਕਲ ਪੁਆਇੰਟ ਵਿੱਚ ਪੈਂਦੇ ਬਾਕੀ ਉਦਯੋਗਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੇ। ਇਨ੍ਹਾਂ 50 ਤੋਂ ਵੱਧ ਉਦਯੋਗਾਂ ਵਿੱਚੋਂ 27 ਉਦਯੋਗਾਂ ਨੇ ਅੱਜ ਐੱਨਜੀਟੀ ਕੋਲ ਪਹੁੰਚ ਕਰ ਕੇ ਜਾਣੂ ਕਰਵਾਇਆ ਕਿ ਉਨ੍ਹਾਂ ਨੇ ਮਨਜ਼ੂਰੀ ਲੈਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕੋਲ ਅਰਜ਼ੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਵੀ ਐੱਨਜੀਟੀ ਕੋਲ ਉਕਤ ਉਦਯੋਗਾਂ ਦੀਆਂ ਅਰਜ਼ੀਆਂ ਆਉਣ ਦੀ ਹਾਮੀ ਭਰੀ ਪਰ ਇਸ ਦੇ ਬਾਵਜੂਦ ਟ੍ਰਿਬਿਊਨਲ ਵੱਲੋਂ ਇਨ੍ਹਾਂ ਉਦਯੋਗਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਐੱਨਜੀਟੀ ਨੇ ਮਾਮਲੇ ਦੀ ਅਗਲੀ ਤਰੀਕ 3 ਦਸੰਬਰ ਨਿਰਧਾਰਤ ਕੀਤੀ ਹੈ। ਉਸ ਦਿਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਪੱਖ ਸੁਣ ਕੇ ਟ੍ਰਿਬਿਊਨਲ ਅਗਲਾ ਫੈਸਲਾ ਸੁਣਾਏਗਾ।