ਡੇਰਾਬਸੀ ਵਿੱਚ ਨੌਜਵਾਨ ਦੀ ਟੋਏ ਵਿੱਚ ਡਿੱਗ ਕੇ ਮੌਤ

20

November

2018

ਡੇਰਾਬਸੀ, ਇੱਥੋਂ ਦੇ ਮੇਨ ਬਾਜ਼ਾਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੌਂਸਲ ਵੱਲੋਂ ਬਣਾਏ ਟੋਏ ਵਿੱਚ ਡਿੱਗ ਕੇ ਨੌਜਵਾਨ ਦੀ ਮੌਤ ਹੋ ਗਈ। ਕੌਂਸਲ ਵੱਲੋਂ ਮੀਂਹ ਦਾ ਪਾਣੀ ਇਸ ਟੋਏ ਵਿੱਚ ਇਕੱਠਾ ਕਰ ਕੇ ਮੋਟਰਾਂ ਨਾਲ ਕੱਢਿਆ ਜਾਂਦਾ ਸੀ। ਟੋਏ ਦੁਆਲੇ ਕੀਤੀ ਗਈ ਚਾਰਦੀਵਾਰ ਦੇ ਅੰਦਰ ਜਾਣ ਲਈ ਬਣੀ ਥਾਂ ’ਤੇ ਗੇਟ ਜਾਂ ਕੋਈ ਚਿਤਾਵਨੀ ਬੋਰਡ ਨਾ ਲੱਗਿਆ ਹੋਣ ਕਾਰਨ ਨੌਜਵਾਨ ਇਸ ਨੂੰ ਪਖਾਨਾ ਸਮਝ ਕੇ ਅੰਦਰ ਪਿਸ਼ਾਬ ਕਰਨ ਚਲਾ ਗਿਆ ਅਤੇ ਟੋਏ ਵਿੱਚ ਡਿੱਗ ਗਿਆ। ਮ੍ਰਿਤਕ ਦੀ ਪਛਾਣ 20 ਸਾਲਾਂ ਦੇ ਵਿਕਾਸ ਕੁਮਾਰ ਵਾਸੀ ਲਾਡਪੁਰ, ਝੱਜਰ (ਹਰਿਆਣਾ) ਦੇ ਰੂਪ ਵਿੱਚ ਹੋਈ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਵਿਕਾਸ ਨੂੰ ਮ੍ਰਿਤਕ ਐਲਾਨੇ ਜਾਣ ਦੇ ਬਾਵਜੂਦ ਉਸ ਦੇ ਸਾਥੀ ਵਿਕਾਸ ਦੇ ਸਰੀਰ ਨੂੰ ਪੀਜੀਆਈ ਚੰਡੀਗੜ੍ਹ ਲੈ ਗਏ। ਇਕੱਤਰ ਜਾਣਕਾਰੀ ਅਨੁਸਾਰ ਵਿਕਾਸ ਇੱਥੇ ਬਰਵਾਲਾ ਰੋਡ ’ਤੇ ਸਥਿਤ ਇੱਕ ਨੈਟਵਰਕਿੰਗ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਗੁਲਾਬਗੜ੍ਹ ਰੋਡ ’ਤੇ ਆਪਣੇ ਸਾਥੀਆਂ ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਅੱਜ ਦੇਰ ਸ਼ਾਮ ਕਰੀਬ 8 ਵਜੇ ਉਹ ਆਪਣੇ ਇਕ ਦੋਸਤ ਨਾਲ ਬਾਜ਼ਾਰ ਕੋਈ ਕੰਮ ਆਇਆ ਸੀ। ਇਸ ਦੌਰਾਨ ਮੇਨ ਬਾਜ਼ਾਰ ਦੇ ਬਾਹਰ ਪਾਣੀ ਦੀ ਨਿਕਾਸੀ ਲਈ ਬਣਾਏ ਡੂੰਘੇ ਟੋਏ ਦੁਆਲੇ ਕੀਤੀ ਚਾਰਦੀਵਾਰੀ ਨੂੰ ਪਖਾਨਾ ਸਮਝ ਕੇ ਉਹ ਉੱਥੇ ਪਿਸ਼ਾਬ ਕਰਨ ਲਈ ਚਲਾ ਗਿਆ ਤੇ ਟੋਏ ਵਿੱਚ ਡਿੱਗ ਗਿਆ। ਉਸ ਦੀ ਚੀਕ ਸੁਣ ਕੇ ਉਸ ਦੇ ਦੋਸਤ ਨੇ ਰੌਲਾ ਪਾਇਆ ਤਾਂ ਲੋੋਕ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਜਵਾਨ ਵੀ ਨੌਜਵਾਨ ਨੂੰ ਟੋਏ ’ਚੋਂ ਕੱਢਣ ’ਚ ਲਾਚਾਰ ਨਜ਼ਰ ਆਏ। ਉਪਰੰਤ ਉਸ ਦੇ ਦੋਸਤ ਨੇ ਆਪਣੇ ਹੋਰਨਾਂ ਸਾਥੀਆਂ ਨੂੰ ਮੌਕੇ ’ਤੇ ਸੱਦਿਆ। ਉਹ ਇਕ ਦੁਕਾਨ ਵਿੱਚੋਂ ਪੌੜੀ ਲੈ ਕੇ ਟੋਏ ਵਿੱਚ ਉਤਰੇ ਅਤੇ ਬੜੀ ਮੁਸ਼ਕਿਲ ਨਾਲ ਵਿਕਾਸ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਵਿਕਾਸ ਨੂੰ ਕੱਢਣ ਲਈ ਟੋਏ ਵਿੱਚ ਉਤਰਿਆ ਉਸ ਦਾ ਇਕ ਸਾਥੀ ਵੀ ਗੈਸ ਚੜ੍ਹਨ ਨਾਲ ਬੇਹੋਸ਼ ਹੋ ਗਿਆ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਮੇਨ ਬਾਜ਼ਾਰ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣੀ ਹੋਈ ਸੀ। ਚੰਡੀਗੜ੍ਹ-ਅੰਬਾਲਾ ਸ਼ਾਹਰਾਹ ਨੂੰ ਚਹੁੰ ਮਾਗਰੀ ਕਰਨ ਦੌਰਾਨ ਮੇਨ ਬਾਜ਼ਾਰ ਨੀਵਾਂ ਰਹਿਣ ਕਰ ਕੇ ਇੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਰਹਿੰਦੀ ਸੀ। ਕੌਂਸਲ ਨੇ ਇਸ ਸਮੱਸਿਆ ਦੇ ਹੱਲ ਲਈ ਇੱਥੇ ਡੂੰਘਾ ਟੋਇਆ ਪੁੱਟ ਦਿੱਤਾ ਸੀ। ਮੀਂਹ ਦਾ ਪਾਣੀ ਇਸ ਟੋਏ ਵਿੱਚ ਭਰ ਜਾਂਦਾ ਹੈ ਜਿਸ ਨੂੰ ਮੋਟਰਾਂ ਰਾਹੀਂ ਕੱਢਿਆ ਜਾਂਦਾ ਹੈ। ਇੱਥੇ ਕਿਸੇ ਹਾਦਸੇ ਤੋਂ ਬਚਾਅ ਲਈ ਆਲੇ ਦੁਆਲੇ ਚਾਰ ਦੀਵਾਰੀ ਕੀਤੀ ਗਈ ਸੀ ਪਰ ਕੌਂਸਲ ਇਸ ਚਾਰ-ਦੀਵਾਰੀ ਅੰਦਰ ਜਾਣ ਲਈ ਰੱਖੀ ਜਗ੍ਹਾ ’ਤੇ ਗੇਟ ਲਾਉਣਾ ਭੁੱਲ ਗਈ। ਦੇਖਣ ਨੂੰ ਇਹ ਚਾਰਦੀਵਾਰੀ ਪਖਾਨੇ ਵਰਗੀ ਲੱਗਦੀ ਹੈ। ਜਿਸ ਕਾਰਨ ਭੁਲੇਖੇ ਵਿੱਚ ਵਿਕਾਸ ਇਸ ਚਾਰਦੀਵਾਰੀ ਅੰਦਰ ਚਲਾ ਗਿਆ ਅਤੇ ਟੋਏ ਵਿੱਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਾਂਗੇ: ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਡੇਰਾਬਸੀ ਦੇ ਕਾਰਜਕਾਰੀ ਪ੍ਰਧਾਨ ਮੁਕੇਸ਼ ਗਾਂਧੀ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਏਗੀ।