Arash Info Corporation

ਅਜੋਕੇ ਸਮੇਂ ਮੀਡੀਆ ’ਤੇ ਸੈਂਸਰਸ਼ਿਪ ਲਾਗੂ ਕਰਨਾ ਮੁਸ਼ਕਲ: ਜੇਤਲੀ

19

November

2018

ਨਵੀਂ ਦਿੱਲੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਤਕੀਨੀਕ ਦੇ ਆਉਣ ਤੇ ਕਈ ਮੰਚਾਂ ਉਪਰ ਮੁਹੱਈਆ ਹੋਣ ਕਰਕੇ ਮੀਡੀਆ ਉਪਰ ਹੁਣ ਸੈਂਸਰਸ਼ਿਪ ਲਾਗੂ ਕਰਨਾ ਮੁਸ਼ਕਲ ਹੈ ਕਿਉਂਕਿ ਵਿਅਕਤੀਆਂ ਕੋਲ ਹੁਣ ਉਨ੍ਹਾਂ ਦੀ ਆਵਾਜ਼ ਸੁਣਨ ਦਾ ਵਿਕਲਪ ਮੌਜੂਦ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਰਗੀਆਂ ਰੋਕਾਂ ਪ੍ਰੈਸ ਦੀ ਆਜ਼ਾਦੀ ਉਪਰ ਲਾਗੂ ਕਰਨਾ ਹੁਣ ਦੇ ਦੌਰ ਵਿੱਚ ਮੁਸ਼ਕਲ ਹੈ ਕਿਉਂਕਿ ਤਕਨੀਕ ਨੇ ਉਨ੍ਹਾਂ ਨੂੰ ਹੋਰ ਵੀ ਮੰਚ ਮੁਹੱਈਆ ਕਰਵਾਏ ਹਨ। ਨੈਸ਼ਨਲ ਪ੍ਰੈਸ ਦਿਵਸ ਮੌਕੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਸਮਾਗਮ ਦੌਰਾਨ ਬੋਲਦੇ ਹੋਏ ਸ੍ਰੀ ਜੇਤਲੀ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦੇ ਸਮੇਂ ਵੀ ਪ੍ਰੈਸ ਤੇ ਆਜ਼ਾਦ ਭਾਸ਼ਣਾਂ ਉਪਰ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਗਈ ਸੀ। ਜੇਕਰ ਹੁਣ ਐਮਰਜੈਂਸੀ ਲੱਗਣ ਦੀ ਗੱਲ ਕੀਤੀ ਜਾਵੇ ਤਾਂ ਇਹ ਅਸੰਭਵ ਹੈ ਕਿ ਪ੍ਰੈਸ ਸੈਂਸਰਸ਼ਿਪ ਲੱਗ ਸਕੇ। ਉਹ ਡਿਜੀਟਲ ਦੌਰ ਵਿੱਚ ਚੁਣੌਤੀਆਂ ਵਿਸ਼ੇ ਬਾਰੇ ਭਾਸ਼ਣ ਦੇ ਰਹੇ ਸਨ। ਉਨ੍ਹਾਂ 1975 ਤੇ 1977 ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਆਜ਼ਾਦ ਆਵਾਜ਼ਾਂ ਦਬਾਏ ਜਾਣ ਬਾਰੇ ਹੋ ਰਹੀ ਆਲੋਚਨਾ ਬਾਰੇ ਕਿਹਾ ਕਿ ਜੋ ਹਰ ਸਮੇਂ ਆਲੋਚਨਾ ਕਰਦੇ ਰਹਿੰਦੇ ਹਨ ਉਹ ਵੀ ਦਾਅਵਾ ਨਹੀਂ ਕਰ ਸਕਦੇ ਕਿ ਆਜ਼ਾਦ ਆਵਾਜ਼ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਮੀਡੀਆ ਅੱਗੇ ਆਪਣੀ ਭਰੋਸੇਯੋਗਤਾ ਬਚਾਈ ਰੱਖਣਾ ਇੱਕ ਚੁਣੌਤੀ ਬਣ ਗਿਆ ਹੈ। ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਜਸਟਿਸ ਚੰਦਰਾਮਾਊਲੀ ਕੁਮਾਰ ਪ੍ਰਸ਼ਾਦ ਨੇ ਕਿਹਾ ਕਿ ਮੀਡੀਆ ਨੂੰ ਰੈਗੂਲੇਟ ਕਰਨਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਤੇ ਕੌਂਸਲ ਮੀਡੀਆ ਦੀ ਆਖੰਡਤਾ ਤੇ ਨਿਰਪੱਖਤਾ ਲਈ ਲਗਾਤਾਰ ਕੰਮ ਕਰ ਰਹੀ ਹੈ। ਉਘੇ ਪੱਤਰਕਾਰ ਤੇ ਹਿੰਦੂ ਗਰੁੱਪ ਦੇ ਮੁਖੀ ਐਨ. ਰਾਮ ਨੂੰ ਰਾਜਾ ਰਾਮ ਮੋਹਨ ਰਾਏ ਸਨਮਾਨ ਦਿੱਤਾ ਗਿਆ।