Arash Info Corporation

ਲਾਲ ਸਿੰਘ ਦੀ ਰਿਹਾਇਸ਼ ਨੇੜੇ ਗਰਜੇ ਪੱਕੇ ਮੋਰਚੇ ਦੇ ਅਧਿਆਪਕ

19

November

2018

ਪਟਿਆਲਾ, ਸਾਂਝਾ ਅਧਿਆਪਕ ਮੋਰਚੇ ਵੱਲੋਂ ਇਥੇ ਲਾਇਆ ਗਿਆ ‘ਪੱਕਾ ਧਰਨਾ’ ਅੱਜ 43ਵੇਂ ਦਿਨ ਵੀ ਜਾਰੀ ਰਿਹਾ। ਰੋਜ਼ਾਨਾ ਵਾਂਗ ਅਧਿਆਪਕਾਂ ਦਾ ਵੱਡਾ ਜਥਾ ਭੁੱਖ ਹੜਤਾਲ ’ਤੇ ਬੈਠਿਆ। ਸੰਘਰਸ਼ੀ ਅਧਿਆਪਕਾਂ ਨੇ ਅੰਮ੍ਰਿਤਸਰ ’ਚ ਪੁਲੀਸ ਵਧੀਕੀ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਲਾਲ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਕਾਲੇ ਝੰਡਿਆਂ ਸਮੇਤ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ। ਦੱਸਣਯੋਗ ਹੈ ਕਿ ਪੱਕੇ ਮੋਰਚੇ ਦੀ ਅੱਜ ਵਾਗਡੋਰ ਜ਼ਿਲ੍ਹੇ ਪਟਿਆਲਾ ਦੇ ਅਧਿਆਪਕਾਂ ਦੇ ਹੀ ਹੱਥ ਸੀ। ਕਿਉਂਕਿ ਬਾਕੀ ਜ਼ਿਲ੍ਹੇ ਅੱਜ ਅੰਮ੍ਰਿਤਸਰ ਤੇ ਬਠਿੰਡਾ ਦੇ ਰੋਸ ਪ੍ਰੋਗਰਾਮਾਂ ਲਈ ਵੰਡੇ ਹੋਏ ਸਨ। ਅਧਿਆਪਕ ਆਗੂਆਂ ਨੇ ਆਖਿਆ ਕਿ ਜਿੱਥੇ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦੁਆਰਾ 94 ਫੀਸਦੀ ਸਹਿਮਤੀ ਵਾਲੇ ਝੂਠੇ ਅੰਕੜੇ ਨਾਲ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ ਗਿਆ ਹੈ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਚੁੱਪ ਰਹਿ ਕੇ ਇਨ੍ਹਾਂ ਦੇ ਝੂਠ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੇ ਅਜਿਹੇ ਗੈਰਸੰਜੀਦਾ ਰਵੱਈਏ ਖ਼ਿਲਾਫ਼ ਅਧਿਆਪਕ ਵਰਗ ‘ਚ ਰੋਸ ਹੈ। ਆਗੂਆਂ ਨੇ ਅੰਮ੍ਰਿਤਸਰ ’ਚ ਤਾਨਾਸ਼ਾਹ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਹੱਕ ਮੰਗਦੇ ਅਧਿਆਪਕਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਤੇ ਪੁਲੀਸ ਵਧੀਕੀ ਦੀ ਨਿਖੇਧੀ ਕਰਦਿਆਂ ਆਖਿਆ ਕਿ ਹਕੂਮਤ ਦੇ ਜਬਰ ਅੱਗੇ ਸੰਘਰਸ਼ ਮੱਠਾ ਪੈਣ ਵਾਲਾ ਨਹੀਂ ਹੈ। ਅੰਮ੍ਰਿਤਸਰ ‘ਚ ਸੰਘਰਸ਼ੀ ਅਧਿਆਪਕਾਂ ’ਤੇ ਪੁਲੀਸ ਵਧੀਕੀ ਦੇ ਰੋਸ ਵਜੋਂ ਪੱਕੇ ਮੋਰਚੇ ‘ਚ ਡਟੇ ਅਧਿਆਪਕਾਂ ਨੇ ਇਕੱਤਰ ਹੋ ਕੇ ਕਾਲੇ ਝੰਡਿਆਂ ਨਾਲ ਸ਼ਹਿਰ ‘ਚ ਰੋਸ ਮਾਰਚ ਕੱਢਿਆ। ਇਸ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੀ ਸਰਕਾਰੀ ਰਿਹਾਇਸ਼ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਤਿੱਖੇ ਗੁੱਸੇ ਦਾ ਇਜ਼ਹਾਰ ਕੀਤਾ ਗਿਆ। ਪੰਜਾਬ ਸਰਕਾਰ ਨੇ ਐੱਸਐੱਸਏ ਤੇ ਰਮਸਾ ਅਧੀਨ ਆਉਂਦੇ ਸੂਬੇ ਦੇ 559 ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲੈ ਲਿਆ ਹੈ| ਹੁਣ ਸੁਸਾਇਟੀ ਅਧੀਨ ਠੇਕੇ ’ਤੇ ਭਰਤੀ ਹੋਏ ਜਿਹੜੇ ਅਧਿਆਪਕ ਸਿੱਖਿਆ ਵਿਭਾਗ ਰੈਗੂਲਰ ਹੋਣ ਲਈ ਹਾਮੀ ਭਰਨਗੇ, ਉਨ੍ਹਾਂ ਦੀ ਹੀ ਅਜਿਹੇ ਸਕੂਲਾਂ ’ਚ ਤਾਇਨਾਤੀ ਕੀਤੀ ਜਾਵੇਗੀ| ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ| ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 35 ਸੌ ਦੇ ਕਰੀਬ ਅਧਿਆਪਕ ਸਰਕਾਰ ਦੀ ਰੈਗੂਲਰ ਪਾਲਿਸੀ ਨੂੰ ਸਹੀ ਮੰਨਦਿਆਂ ਕਲਿੱਕ ਕਰ ਚੁੱਕੇ ਹਨ|