Arash Info Corporation

ਸਾਡੀ ਲੜਾਈ ਪਾਰਟੀ ਨਾਲ ਨਹੀਂ, ਬਾਦਲਾਂ ਨਾਲ ਹੈ: ਬੋਨੀ ਅਜਨਾਲਾ

19

November

2018

ਅਜਨਾਲਾ, ਬਾਗੀ ਟਕਸਾਲੀ ਅਕਾਲੀ ਆਗੂ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲਿਆਂ ਤੇ ਬਰਗਾੜੀ ਕਾਂਡ ਵਿਚ ਸ਼ਾਮਲ ਲੋਕਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਸ੍ਰੀ ਅਜਨਾਲਾ ਨੇ ਕਿਹਾ, ‘‘ਅਸੀਂ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਨਹੀਂ ਕੀਤਾ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਚੁੱਪ ਰਹਿਣ ਅਤੇ ਬਰਗਾੜੀ ਕਾਂਡ ਦੌਰਾਨ ਦੋ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰਨ ਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਵਿਰੁੱਧ ਮੋਰਚਾ ਖੋਲ੍ਹਿਆ ਹੈ।’’ ਬੋਨੀ ਅਜਨਾਲਾ ਨੇ ਕਿਹਾ ਕਿ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟੀ ’ਚੋਂ ਕੱਢਣ ਨਾਲ ਬੇਅਦਬੀਆਂ, ਡੇਰਾ ਮੁਖੀ ਨੂੰ ਮੁਆਫ਼ ਕਰਨ ਅਤੇ ਦੋ ਸਿੱਖਾਂ ਨੂੰ ਹਲਾਕ ਕਰਨ ਵਾਲਿਆਂ ਦੇ ਮਸਲੇ ’ਤੇ ਚੁੱਪ ਰਹਿਣ ਵਾਲੇ ਅਕਾਲੀਆਂ ਨੂੰ ਲੋਕ ਮੁਆਫ਼ ਨਹੀਂ ਕਰਨਗੇ। ਬੋਨੀ ਨੇ ਦੱਸਿਆ, ‘‘ਮੈਨੂੰ ਆਪਣੇ ਪਿਤਾ ਡਾ. ਰਤਨ ਸਿੰਘ ਨੂੰ ਛੱਡਣ ਬਦਲੇ ਬਾਦਲਕਿਆਂ ਵੱਲੋਂ ਬੜੇ ਲਾਲਚ ਦਿੱਤੇ ਗਏ ਪਰ ਮੈਂ ਬੇਅਦਬੀ ਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲਿਆਂ ਦਾ ਸਾਥ ਨਾ ਦੇਣ ਦਾ ਫੈਸਲਾ ਲਿਆ।’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਰੋਲ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ, ਸਗੋਂ ਪਾਰਟੀ ਦੇ ਕਥਿਤ ਠੇਕੇਦਾਰ ਬਣੇ ਬਾਦਲ ਪਰਿਵਾਰ ਨਾਲ ਹੈ। ਉਸ ਨੇ ਕਿਹਾ, ‘‘ਮੈਂ ਇੱਕ-ਦੋ ਦਿਨਾਂ ’ਚ ਡੀਜੀਪੀ ਪੰਜਾਬ ਨੂੰ ਆਪਣੀ ਸੁਰੱਖਿਆ ਸਬੰਧੀ ਮਿਲ ਰਿਹਾ ਹਾਂ, ਕਿਉਂਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।’’ ਉਨ੍ਹਾਂ ਕਿਹਾ, ‘‘ਜਿਹੜਾ ਪੱਤਰ ਮੈਂ ਡੀਜੀਪੀ ਪੰਜਾਬ ਨੂੰ ਦੇ ਰਿਹਾ ਹਾਂ, ਉਸ ਵਿਚ ਮੈਂ ਇਕ ਵਿਅਕਤੀ ਵਿਸ਼ੇਸ਼ ਦਾ ਨਾਂ ਲਿਖਿਆ ਹੈ ਤਾਂ ਕਿ ਜੇਕਰ ਮੇਰੀ ਜਾਨ ਨੂੰ ਕਿਸੇ ਕਿਸਮ ਦਾ ਖਤਰਾ ਪੁੱਜਦਾ ਹੈ ਤਾਂ ਉਹ ਵਿਅਕਤੀ ਹੀ ਜ਼ਿੰਮੇਵਾਰ ਹੋਵੇਗਾ।’’ ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਨੂੰ ‘ਹਾਈਜੈਕ’ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਖ਼ਿਲਾਫ਼ ਸਨ ਪਰ ਉਨ੍ਹਾਂ ਦੀ ਪਾਰਟੀ ’ਚ ਸੁਣੀ ਨਹੀਂ ਗਈ, ਜਿਸ ਕਰਕੇ ਉਨ੍ਹਾਂ ਨੂੰ ਮੀਡੀਆ ਦਾ ਸਹਾਰਾ ਲੈਣਾ ਪਿਆ।