ਸੈਕਟਰਜ਼ ਵੈਲਫੇਅਰ ਐਸੋਸੀਏਸ਼ਨ ਨੇ ਨਿਗਮ ਖ਼ਿਲਾਫ਼ ਖੋਲ੍ਹਿਆ ਮੋਰਚਾ

19

November

2018

ਚੰਡੀਗੜ੍ਹ, ਫੈਡਰੇਸ਼ਨ ਆਫ ਸੈਕਟਰਜ਼ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ (ਫਾਸਵੇਕ) ਦੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਅੱਜ ਇਥੇ ਸੈਕਟਰ-40 ਦੇ ਕਮਿਊਨਿਟੀ ਸੈਂਟਰ ਵਿੱਚ ਹੋਈ। ਫਾਸਵੇਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੀ ਮਾੜੀ ਕਾਰਜਪ੍ਰਣਾਲੀ ਦੀ ਅਲੋਚਨਾ ਕੀਤੀ ਗਈ। ਸ੍ਰੀ ਬਿੱਟੂ ਨੇ ਕਿਹਾ ਕਿ ਜਿਥੇ ਨਗਰ ਨਿਗਮ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਾਂ ਨੂੰ ਲੈਕੇ ਸਿਆਸਤ ਵਿੱਚ ਫਸਿਆ ਹੋਇਆ ਹੈ, ਉਥੇ ਸ਼ਹਿਰ ਵਿੱਚ ਵੈਂਡਰ ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਿਗਮ ਅਫਸਰਾਂ ਦੀ ਕਥਿਤ ਢਿੱਲ ਕਾਰਨ ਸ਼ਹਿਰ ਦੇ ਬਜ਼ਾਰਾਂ ਦੀਆਂ ਪਾਰਕਿੰਗਾਂ ਸਮੇਤ ਫੁਟਪਾਥਾਂ ਅਤੇ ਦੁਕਾਨਾਂ ਅੱਗੇ ਰੇਹੜੀ-ਫੜ੍ਹੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਜਾਰੀ ਹਨ। ਦੂਜੇ ਪਾਸੇ ਨਗਰ ਨਿਗਮ ਪ੍ਰਸ਼ਾਸਨ ਵੈਂਡਰ ਐਕਟ ਦੀ ਆੜ ਹੇਠ ਇਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਿਹਾ। ਸ਼੍ਰੀ ਬਿੱਟੂ ਨੇ ਇਸ ਗੱਲ ’ਤੇ ਰੋਸ ਜ਼ਾਹਿਰ ਕੀਤਾ ਕਿ ਇਕ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੂਜੇ ਰਾਜਾਂ ਦੇ ਲੋਕਾਂ ਨੂੰ ਇਥੇ ਮੁਫ਼ਤ ਘਰ ਬਣਾ ਕੇ ਦੇ ਰਿਹਾ ਹੈ ਪਰ ਸਥਾਨਕ ਵਾਸੀਆਂ ਅਤੇ ਕਰਮਚਾਰੀਆਂ ਲਈ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਤੇ ਗਰੀਨ ਬੈਲਟਾਂ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਵਫਦ ਚੰਡੀਗੜ੍ਹ ਪ੍ਰਸ਼ਾਸਕ ਨੂੰ ਮਿਲ ਕੇ ਨਗਰ ਨਿਗਮ ਦੀ ਕਥਿਤ ਮਾੜੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਏਗਾ। ਮੀਟਿੰਗ ਦੌਰਾਨ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-43 ਦੇ ਪ੍ਰੇਮ ਸਚਦੇਵਾ ਨੂੰ ਫਾਸਵੇਕ ਦਾ ਐਡੀਸ਼ਨਲ ਵਿੱਤ ਸਕੱਤਰ ਅਤੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-27 ਤੋਂ ਭੁਪਿੰਦਰ ਕੌਰ ਨੂੰ ਸਲਾਹਕਾਰ ਥਾਪਿਆ ਗਿਆ। ਮੀਟਿੰਗ ਦੌਰਾਨ ਫਾਸਵੇਕ ਦੇ ਸਕੱਤਰ ਆਰਐਸ ਗਿੱਲ ਨੇ ਸ਼ਹਿਰ ਵਿੱਚ ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਅਤੇ ਝਪਟਮਾਰੀ ਦੀਆਂ ਵਾਰਦਾਤਾਂ ’ਤੇ ਦੁੱਖ ਜ਼ਾਹਿਰ ਕੀਤਾ। ਮੀਟਿੰਗ ਦੌਰਾਨ ਫਾਸਵੇਕ ਦੇ ਜਨਰਲ ਸਕੱਤਰ ਜੇਐਸ ਗੋਗੀਆ ਨੇ ਸੁਝਾਅ ਦਿੱਤਾ ਕਿ ਨਗਰ ਨਿਗਮ ਸ਼ਹਿਰ ਦੀਆਂ ਰੈਜ਼ੀਡੈਂਟਸ ਐਸੋਸੀਏਸ਼ਨਾਂ ਦੇ ਨਾਲ ਤਾਲਮੇਲ ਕਰ ਕੇ ਵਿਕਾਸ ਕਾਰਜਾਂ ਸਬੰਧੀ ਫੈਸਲੇ ਲਏ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ, ਸਮਾਜਿਕ ਸੰਗਠਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਤਾਲਮੇਲ ਕਰਕੇ ਵਿਸ਼ੇਸ਼ ਫੋਰਸ ਬਣਾਈ ਜਾਵੇ।