Arash Info Corporation

ਸ਼ਰਾਬ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਡਿਸਕੋ ਦਾ ਚਲਾਨ

19

November

2018

ਜ਼ੀਰਕਪੁਰ, ਇਥੇ ਡਿਸਕੋਜ਼ ਦੇ ਪ੍ਰਬੰਧਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਕਥਿਤ ਤੌਰ ’ਤੇ ਪ੍ਰਵਾਹ ਨਹੀਂ ਕਰ ਰਹੇ। ਡੀਸੀ ਦੇ ਹੁਕਮਾਂ ਮੁਤਾਬਕ ਡਿਸਕੋਜ਼ ਨੂੰ ਰਾਤ ਦੇ 12 ਵਜੇ ਤੱਕ ਹੀ ਖੋਲ੍ਹਿਆ ਜਾ ਸਕਦਾ ਹੈ ਪਰ ਡਿਸਕੋਘਰਾਂ ਦੇ ਪ੍ਰਬੰਧਕ ਤੜਕੇ ਚਾਰ ਵਜੇ ਤੱਕ ਪਾਰਟੀਆਂ ਦਾ ਦੌਰ ਚਲਾ ਰਹੇ ਹਨ। ਇਸ ਤੋਂ ਇਲਾਵਾ ਪੰਚਕੂਲਾ ਸੜਕ ’ਤੇ ਸਥਿਤ ਇਕ ਡਿਸਕੋ ਵਿਚ ਕਥਿਤ ਤੌਰ ’ਤੇ ਹੁੱਕਾ ਪਿਲਾਇਆ ਜਾ ਰਿਹਾ ਹੈ ਜਦਕਿ ਸਿਹਤ ਵਿਭਾਗ ਵੱਲੋਂ ਹੁਕਾ ਪਿਲਾਉਣ ’ਤੇ ਪਾਬੰਦੀ ਲਾਈ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਇਸ ਡਿਸਕੋਘਰ ਵਿਚ ਲੰਘੀ ਰਾਤ 12 ਵਜੇ ਤੋਂ ਬਾਅਦ ਆਬਕਾਰੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਇਸ ਦੀ ਅਗਵਾਈ ਇੰਸਪੈਕਟਰ ਵਿਨੈ ਕੁਮਾਰ ਕਰ ਰਹੇ ਸਨ। ਮੌਕੇ ’ਤੇ ਰਾਤ ਨੂੰ ਸਾਢੇ 12 ਵਜੇ ਤੋਂ ਬਾਅਦ ਸ਼ਰਾਬ ਪਿਲਾਈ ਜਾ ਰਹੀ ਸੀ ਜਦਕਿ ਆਬਕਾਰੀ ਵਿਭਾਗ ਦੇ ਨਿਯਮਾਂ ਮੁਤਾਬਕ ਡਿਸਕੋ ਨੂੰ ਰਾਤ ਦੇ 12 ਵਜੇ ਤੱਕ ਹੀ ਸ਼ਰਾਬ ਪਿਲਾਉਣ ਦਾ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ। ਆਬਕਾਰੀ ਇੰਸਪੈਕਟਰ ਵੱਲੋਂ ਡਿਸਕੋ ਦਾ ਚਲਾਨ ਕੱਟਿਆ ਗਿਆ। ਇਸ ਦੌਰਾਨ ਆਬਕਾਰੀ ਵਿਭਾਗ ਦੀ ਟੀਮ ਨਾਲ ਮੌਕੇ ’ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਵੱਲੋਂ ਹਰੇਕ ਟੇਬਲ ’ਤੇ ਇਕ ਹੁੱਕਾ ਪਿਆ ਦੇਖਿਆ ਗਿਆ। ਮੌਕੇ ’ਤੇ ਹੁੱਕੇ ਬਾਰੇ ਆਬਕਾਰੀ ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਦਾ ਖੇਤਰ ਨਾ ਹੋਣ ਕਾਰਨ ਉਹ ਇਸ ਸਬੰਧੀ ਕਾਰਵਾਈ ਨਹੀਂ ਕਰ ਸਕਦੇ। ਗੱਲ ਕਰਨ ’ਤੇ ਸਿਵਲ ਸਰਜਨ ਰੀਟਾ ਭਾਰਦਵਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਕਲੱਬ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਇਸ ਤੋਂ ਬਾਅਦ ਇੰਸਪੈਕਟਰ ਵਿਨੈ ਕੁਮਾਰ ਵੱਲੋਂ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਸਥਿਤ ਗਲੋਬਲ ਬਿਜਨਸ ਸੁਕੇਅਰ ਮਾਲ ਵਿਚ ਪੈਂਦੇ ਇਕ ਡਿਸਕੋ ਵਿੱਚ ਪਹੁੰਚੇ। ਇਥੇ ਡਿਸਕੋ ਨੂੰ ਬਾਹਰ ਤੋਂ ਤਾਲਾ ਲੱਗਿਆ ਹੋਇਆ ਸੀ। ਇੰਸਪੈਕਟਰ ਵਿਨੈ ਕੁਮਾਰ ਨੂੰ ਅੰਦਰ ਪਾਰਟੀ ਚਲਣ ਦਾ ਖ਼ਦਸ਼ਾ ਹੋਣ ਕਾਰਨ ਉਹ ਰਾਤ ਦੇ ਢਾਈ ਵਜੇ ਤੱਕ ਡਿਸਕੋ ਦੇ ਬਾਹਰ ਖੜ੍ਹੇ ਚਾਬੀ ਦੀ ਉਡੀਕ ਕਰਦੇ ਰਹੇ ਪਰ ਪ੍ਰਬੰਧਕਾਂ ਵੱਲੋਂ ਨਾ ਤਾਂ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਨਾ ਹੀ ਕੋਈ ਮੌਕੇ ’ਤੇ ਪਹੁੰਚਿਆ। ਇਸ ਮਗਰੋਂ ਉਹ ਵਾਪਸ ਚਲੇ ਗਏ। ਇਸ ਮਾਮਲੇ ਬਾਰੇ ਥਾਣਾ ਮੁਖੀ ਗੁਰਜੀਤ ਸਿੰਘ ਨੇ ਕਿਹਾ ਕਿ ਲੰਘੀ ਰਾਤ ਪੂਰੇ 12 ਵਜੇ ਪੁਲੀਸ ਨੂੰ ਸਾਰੇ ਡਿਸਕੋਜ਼ ਬੰਦ ਕਰਵਾਉਣ ਲਈ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਡਿਸਕੋਘਰ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਦੇਰ ਰਾਤ ਡਿਸਕੋ ਚਲਾਇਆ ਗਿਆ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।

E-Paper

Calendar

Videos