Arash Info Corporation

ਸੇਮ ਨਾਲੇ ਵਿਚ ਵੱਧ ਪਾਣੀ ਆਉਣ ਕਾਰਨ 2000 ਏਕੜ ਰਕਬਾ ਪ੍ਰਭਾਵਿਤ

17

November

2018

ਮੁਕੇਰੀਆਂ, ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਨਿੱਜੀ ਪਾਵਰ ਹਾਊਸ ਵੱਲੋਂ ਕਥਿਤ ਤੌਰ ’ਤੇ ਸੇਮ ਨਾਲੇ ਵਿਚ ਵੱਧ ਪਾਣੀ ਛੱਡੇ ਜਾਣ ਕਾਰਨ ਪਿੰਡ ਧਨੋਆ ਤੋਂ ਲੈ ਕੇ ਮਿਆਣੀ ਤੱਕ ਕਰੀਬ 2000 ਏਕੜ ਰਕਬਾ ਪ੍ਰਭਾਵਿਤ ਹੋ ਰਿਹਾ ਹੈ। ਟੇਰਕਿਆਣਾ ਨੇੜਲੇ ਪਿੰਡਾਂ ਦੇ ਕਰੀਬ 40 ਏਕੜ ਝੋਨੇ ਵਿਚ ਪਾਣੀ ਖੜ੍ਹਾ ਹੋਣ ਕਾਰਨ ਝੋਨੇ ਦੀ ਕਟਾਈ ਨਹੀਂ ਹੋ ਸਕੀ ਹੈ। ਹਾਈਡਲ ਨਹਿਰ ’ਤੇ ਬਣੇ 5 ਪਾਵਰ ਹਾਊਸਾਂ ਤੋਂ ਇਲਾਵਾ ਇੱਕ ਨਿੱਜੀ ਪਾਵਰ ਹਾਊਸ ਵੀ ਬਣਾਇਆ ਗਿਆ ਹੈ। ਇਸ ਪਾਵਰ ਹਾਊਸ ਲਈ ਵਰਤਿਆ ਜਾਂਦਾ ਪਾਣੀ ਟਰਬਾਈਨਾਂ ’ਚੋਂ ਘੁੰਮ ਕੇ ਅੱਗੇ ਮੁੱਖ ਨਹਿਰ ਤੇ ਸੇਮ ਨਾਲੇ ਵਿਚ ਜਾਂਦਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਿੱਜੀ ਪਾਵਰ ਹਾਊਸ ਵੱਲੋਂ ਸੇਮ ਨਾਲ ਵਿਚ ਵੱਧ ਪਾਣੀ ਛੱਡਿਆ ਜਾਂਦਾ ਹੈ, ਜਿਸ ਕਾਰਨ ਖੇਤਾਂ ਦੀ ਸੇਮ ਰੁਕ ਜਾਂਦੀ ਹੈ ਤੇ ਕਰੀਬ 2000 ਏਕੜ ਰਕਬਾ ਇਸ ਨਾਲ ਪ੍ਰਭਾਵਿਤ ਹੋ ਰਿਹਾ ਹੈ। ਬਲਾਕ ਸਮਿਤੀ ਮੈਂਬਰ ਤੇ ਯੂਥ ਕਾਂਗਰਸ ਆਗੂ ਧਰਮਿੰਦਰ ਸਿੰਘ ਸਾਬੀ ਟੇਰਕਿਆਣਾ, ਰਵਿੰਦਰ ਸਿੰਘ ਮਾਣਾ, ਗੁਰਮੇਜ ਸਿੰਘ ਟੇਰੀਆਣਾ, ਹਰਜਿੰਦਰ ਸਿੰਘ ਸੈਂਪਲ ਤੇ ਸਾਬਕਾ ਸਰਪੰਚ ਮਹਿੰਦਰ ਸਿੰਘ ਬੇਗਪੁਰ ਨੇ ਦੱਸਿਆ ਕਿ ਧਨੋਆ ਤੋਂ ਨਿਕਲਦੇ ਸੇਮ ਨਾਲੇ, ਜਿਸ ਨੂੰ ਕਾਲੀ ਵੇਈਂ ਵੀ ਕਿਹਾ ਜਾਂਦਾ ਹੈੇ, ਵਿਚ ਵੱਧ ਪਾਣੀ ਛੱਡੇ ਜਾਣ ਕਾਰਨ ਪਿੰਡ ਵਧਾਈਆ, ਸਤਾਬਕੋਟ, ਟੇਰਕਿਆਣਾ, ਸੂਦ, ਬਰਾਓਵਾਲ, ਬੇਗਪੁਰ, ਭੀਖੋਵਾਲ, ਖੇਪੜ, ਭੋਗੀਆ, ਬੁੱਧੋਬਰਕਤ ਸਮੇਤ ਕਰੀਬ 2 ਦਰਜਨ ਤੋਂ ਵੱਧ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਪਿੰਡ ਟੇਰਕਿਆਣਾ ਦੇ ਅਜਮੇਰ ਸਿੰਘ, ਇੰਦਰ ਸਿੰਘ, ਜਸਵੀਰ ਸਿੰਘ, ਨਿਰਮਲ ਕੌਰ ਤੇ ਹਰਕਮਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਕਰੀਬ 40 ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬਣ ਕਾਰਨ ਕਟਾਈ ਨਹੀਂ ਹੋ ਰਹੀ। ਉਨ੍ਹਾਂ ਨੁਕਸਾਨੀਆਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਛੇਤੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ। ਮਸਲਾ ਛੇਤੀ ਹੱਲ ਕਰਾਂਗੇ: ਐੱਸਡੀਐੱਮ ਐੱਸਡੀਐੱਮ ਦਸੂਹਾ ਹਰਚਰਨ ਸਿੰਘ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਵਿਚ ਸੇਮ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਮਸਲਾ ਹੱਲ ਕਰਨਗੇ। ਸੇਮ ਨਾਲੇ ਵਿਚ ਵੱਧ ਪਾਣੀ ਛੱਡੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਸੇਮ ਨਾਲਾ ਕਾਲੀ ਵੇਈਂ ਵਜੋਂ ਜਾਣਿਆ ਜਾਂਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਕਰਕੇ ਸੀਚੇਵਾਲ ਵਿਚ ਹੋਣ ਵਾਲੇ ਸਮਾਗਮਾਂ ਲਈ ਪਾਣੀ ਦੀ ਲੋੜ ਹੋਣ ਕਾਰਨ ਇਸ ਵਿਚ ਪਾਣੀ ਛੱਡਿਆ ਗਿਆ ਹੈ। ਸੇਮ ਦਾ ਕਾਰਨ ਹਾਈਡਲ ਨਹਿਰ ਤੋਂ ਕਰੀਬ 100 ਕਿਊਸਕ ਹੁੰਦੀ ਲੀਕੇਜ ਵੀ ਹੈ। ਉਨ੍ਹਾਂ ਕਿਹਾ ਕਿ ਸਮਾਗਮਾਂ ਮਗਰੋਂ ਪੜਚੋਲ ਕਰਕੇ ਕਿਸਾਨਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ।