Arash Info Corporation

ਜ਼ਾਕਿਰ ਮੂਸਾ ਦਾ ਪੋਸਟਰ ਜਨਤਕ ਹੋਣ ਨਾਲ ਪੁਲੀਸ ਦੀ ਕਾਰਵਾਈ ’ਤੇ ਉੱਠੇ ਸਵਾਲ

17

November

2018

ਗੁਰਦਾਸਪੁਰ, ਦੀਨਾਨਗਰ ਪੁਲੀਸ ਵੱਲੋਂ ਜੈਸ਼-ਏ-ਮੁਹੰਮਦ ਜਥੇਬੰਦੀ ਦੇ ਚੋਟੀ ਦੇ ਅਤਿਵਾਦੀ ਜ਼ਾਕਿਰ ਮੂਸਾ ਦੀ ਤਸਵੀਰ ਵਾਲਾ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਮਾਮਲੇ ਪੁਲੀਸ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਦੱਸਣਯੋਗ ਹੈ ਕਿ ਅਤਿਵਾਦੀ ਜ਼ਾਕਿਰ ਮੂਸਾ ਦੀ ਤਸਵੀਰ ਜਨਤਕ ਕੀਤੇ ਬਗੈਰ ਪੰਜਾਬ ਪੁਲੀਸ ਉਸ ਦੀ ਭਾਲ ਕਰ ਰਹੀ ਸੀ ਅਤੇ ਉਸ ਦੀ ਤਸਵੀਰ ਵੱਖ-ਵੱਖ ਥਾਣਿਆਂ ਵਿੱਚ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ਵੱਲੋਂ ਮੂਸਾ ਦੀ ਤਸਵੀਰ ਵਾਲਾ ਪੋਸਟਰ ਇੱਕ ਪੁਲੀਸ ਨਾਕੇ ’ਤੇ ਚਿਪਕਾ ਕੇ ਜਨਤਕ ਕਰ ਦਿੱਤਾ ਗਿਆ। ਐੱਸਐੱਸਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਵੀ ਦੀਨਾਨਗਰ ਥਾਣੇ ਦੀ ਇਸ ਗ਼ਲਤੀ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਅਤਿਵਾਦੀ ਦਾ ਪੋਸਟਰ ਜਨਤਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਦੇ ਅਧਿਕਾਰੀਆਂ ਕੋਲੋਂ ਇਹ ਗ਼ਲਤੀ ਹੋਈ ਹੈ, ਜਿਸ ਕਾਰਨ ਮੂਸਾ ਦੀ ਤਸਵੀਰ ਵਾਇਰਲ ਹੋਈ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਦਾ ਪੋਸਟਰ ਰਿਲੀਜ਼ ਕਰਨ ਵਾਲੇ ਅਫ਼ਸਰਾਂ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਖ਼ੁਫ਼ੀਆ ਸੂਤਰਾਂ ਤੋਂ ਸੂਹ ਮਿਲੀ ਸੀ ਕਿ ਜੈਸ਼-ਏ-ਮੁਹੰਮਦ ਦਾ ਅਤਿਵਾਦੀ ਮੂਸਾ ਪੰਜਾਬ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਕਿਸੇ ਵਾਰਦਾਤ ਕਰਨ ਦੀ ਫ਼ਿਰਾਕ ਵਿੱਚ ਹੈ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਸੂਬੇ ਦੇ ਵੱਖ-ਵੱਖ ਥਾਣਿਆਂ ਨੂੰ ਇਹ ਤਸਵੀਰ ਮੁਹੱਈਆ ਕਰਵਾਈ ਗਈ ਸੀ। ਸੂਤਰਾਂ ਅਨੁਸਾਰ ਮੂਸਾ ਨੂੰ ਜ਼ਾਕਿਰ ਰਸ਼ੀਦ ਭੱਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਉਹ ਹਿਜ਼ਬੁਲ ਮੁਜਾਹਿਦੀਨ ਨਾਂ ਦੀ ਅਤਿਵਾਦੀ ਜਥੇਬੰਦੀ ਵਿੱਚ 2013 ਵਿੱਚ ਸ਼ਾਮਲ ਹੋਇਆ ਸੀ। ਜੁਲਾਈ 2017 ਵਿੱਚ ਉਸ ਨੂੰ ਅਨੁਸਾਰ ਗਜ਼ਾਵਤ-ਉਲ-ਹਿੰਦ ਨਾਮੀ ਨਵੀਂ ਬਣੀ ਅਤਿਵਾਦੀ ਜਥੇਬੰਦੀ ਦਾ ਮੁਖੀ ਥਾਪ ਦਿੱਤਾ ਗਿਆ ਸੀ। ਮੂਸਾ, ਹਿਜ਼ਬੁਲ ਮੁਜ਼ਾਹੂਦੀਨ ਦਾ ਕਮਾਂਡਰ ਵੀ ਰਹਿ ਚੁੱਕਿਆ ਹੈ। ਦੂਸਰੇ ਪਾਸੇ ਜ਼ਿਲ੍ਹਾ ਪਠਾਨਕੋਟ ਤੋਂ ਦੋ ਦਿਨ ਪਹਿਲਾਂ ਇਨੋਵਾ ਗੱਡੀ ਖੋਹ ਕੇ ਫਰਾਰ ਹੋਣ ਵਾਲਿਆਂ ਦਾ ਅਜੇ ਤੱਕ ਕੋਈ ਥਹੁ-ਪਤਾ ਨਹੀਂ ਲੱਗਿਆ, ਜਿਸ ਕਾਰਨ ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਜ਼ਿਲ੍ਹਿਆਂ ਦੀ ਪੁਲੀਸ ਉਨ੍ਹਾਂ ਦੀ ਭਾਲ ਕਰ ਰਹੀ ਹੈ।