Arash Info Corporation

ਮੁਲਾਜ਼ਮ ਜਥੇਬੰਦੀਆਂ ਨੇ ਕੈਪਟਨ ਸਰਕਾਰ ਵਿਰੁੱਧ ਸਾਂਝਾ ਸੰਘਰਸ਼ ਐਲਾਨਿਆ

17

November

2018

ਚੰਡੀਗੜ੍ਹ, ਕੈਪਟਨ ਸਰਕਾਰ ਵੱਲੋਂ ਮੁਲਜ਼ਮ ਵਰਗ ਨੂੰ ਅੰਗੂਠਾ ਦਿਖਾਉਣ ਕਾਰਨ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਸਾਂਝੇ ਸੰਘਰਸ਼ ਨਾਲ ਸੂਬੇ ਵਿਚ ਨਵੀਂ ਲਹਿਰ ਚਲਾ ਦਿੱਤੀ ਹੈ। ਪੰਜਾਬ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਸਮੇਤ ਹੋਰ ਕਈ ਜਥੇਬੰਦੀਆਂ ’ਤੇ ਆਧਾਰਿਤ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂਟੀ ਨੇ ਹੁਣ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਵਿਰੁੱਧ ਲੜਾਈ ਛੇੜ ਦਿੱਤੀ ਹੈ। ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਮੇਘ ਸਿੰਘ ਸਿੱਧੂ ਦੀ ਅਗਵਾਈ ਹੇਠ ਮੀਟਿੰਗ ਦੌਰਾਨ 29 ਨਵੰਬਰ ਨੂੰ ਬਠਿੰਡਾ ਵਿਚ ‘ਹੱਲਾ ਬੋਲ’ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਦੌਰਾਨ ਮੁੱਖ ਤੌਰ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਬਣਾਈ ਹੈ। ਇਸੇ ਤਹਿਤ 29 ਨਵੰਬਰ ਨੂੰ ਮਨਪ੍ਰੀਤ ਬਾਦਲ ਦੇ ਹਲਕੇ ਵਿਚ ਰੈਲੀ ਰੱਖੀ। ਇਸ ਤੋਂ ਪਹਿਲਾਂ ਸਾਂਝੇ ਅਧਿਆਪਕ ਮੋਰਚੇ ਨੇ ਵੀ 18 ਨਵੰਬਰ ਨੂੰ ਬਠਿੰਡਾ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਅੰਮ੍ਰਿਤਸਰ ਵਿਚ ਸਿੱਖਿਆ ਮੰਤਰੀ ਓ ਪੀ ਸੋਨੀ ਦੀਆਂ ਕੋਠੀਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਦਰਅਸਲ, ਮਨਪ੍ਰੀਤ ਬਾਦਲ ਸਿੱਧੇ ਰੂਪ ਵਿਚ ਕਹਿੰਦੇ ਆ ਰਹੇ ਹਨ ਕਿ ਜਿੰਨਾ ਚਿਰ ਪੰਜਾਬ ਦੇ ਵਿੱਤੀ ਹਾਲਾਤ ਠੀਕ ਨਹੀਂ ਹੁੰਦੇ, ਉਦੋਂ ਤੱਕ 4 ਡੀਏ ਦੀਆਂ ਕਿਸ਼ਤਾਂ, 23 ਮਹੀਨਿਆਂ ਦਾ ਬਕਾਇਆ ਤੇ ਤਨਖ਼ਾਹ ਕਮਸ਼ਿਨ ਦੀ ਰਿਪੋਰਟ ਲਾਗੂ ਕਰਨੀ ਸੰਭਵ ਨਹੀਂ ਹੈ। ਦੂਜੇ ਪਾਸੇ, ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਨੂੰ ਜਿੱਥੇ ਡੀਏ ਦੀਆਂ ਪੁਰਾਣੀਆਂ ਸਾਰੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾ ਚੁੱਕਾ ਹੈ, ਉਥੇ ਜਨਵਰੀ 2017 ਅਤੇ ਜੁਲਾਈ 2017 ਦੀਆਂ ਡੀਏ ਦੀਆਂ ਕਿਸ਼ਤਾਂ ਵੀ ਜਾਰੀ ਕਰ ਚੁੱਕੇ ਹਨ। ਇੱਥੋਂ ਤਕ ਕਿ ਇਨ੍ਹਾਂ ਅਧਿਕਾਰੀਆਂ ਨੂੰ ਕੇਂਦਰੀ ਸੱਤਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤਹਿਤ ਪਹਿਲੀ ਜਨਵਰੀ 2016 ਤੋਂ ਵਧੀਆਂ ਤਨਖ਼ਾਹਾਂ ਦੇ ਗੱਫੇ ਵੀ ਦੇ ਚੁੱਕੇ ਹਨ, ਜਦੋਂਕਿ ਪੰਜਾਬ ਦਾ ਛੇਵਾਂ ਤਨਖ਼ਾਹ ਕਮਿਸ਼ਨ ਫਿਲਹਾਲ ਮੁਢਲੀ ਪ੍ਰਕਿਰਿਆ ਵਿਚ ਹੀ ਅਟਕਾਇਆ ਪਿਆ ਹੈ। ਇਸ ਕਾਰਨ ਪੰਜਾਬ ਦੇ ਮੁਲਾਜ਼ਮ ਡੀਏ ਅਤੇ ਸੋਧੀਆਂ ਤਨਖ਼ਾਹਾਂ ਤੋਂ ਵਾਂਝੇ ਹਨ। ਮੀਟਿੰਗ ਵਿਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕੇਵਲ ਬਾਂਸਲ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਕੌਰ, ਹਰਚਰਨ ਸਿੰਘ, ਪਰਵਿੰਦਰ ਸਿੰਘ ਖਗੂੜਾ, ਅਮਿਤ ਕਟੋਚ, ਪਲਵਿੰਦਰ ਸਿੰਘ, ਕੁਲਵੰਤ ਸਿੰਘ ਤੇ ਮਨਜੀਤ ਸਿੰਘ ਨੇ ਰੋਸ ਪ੍ਰਗਟ ਕੀਤਾ ਕਿ ਸਰਕਾਰ ਵੱਲੋਂ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਖੂਹ-ਖਾਤੇ ਪਾ ਦਿੱਤੀਆਂ ਗਈਆਂ ਹਨ, ਉਥੇ ਮੁਲਾਜ਼ਮਾਂ ਉਪਰ ਸਲਾਨਾ 2400 ਰੁਪਏ ਵਿਕਾਸ ਟੈਕਸ ਵੀ ਥੋਪ ਦਿੱਤਾ ਹੈ। ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ’ਤੇ ਰੈਗੂਲਰ ਕਰਨ ਤੋਂ ਵੀ ਮੁੱਕਰ ਗਈ ਹੈ ਤੇ ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਨਹੀਂ ਕੀਤੀ ਜਾ ਰਹੀ। ਤਨਖ਼ਾਹਾਂ ਵੀ ਨਸੀਬ ਨਾ ਹੋਈਆਂ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਦੇ ਸਰਪ੍ਰਸਤ ਨਛੱਤਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਅਜੇ ਤਕ ਮੁਲਾਜ਼ਮਾਂ ਨੂੰ ਅਕਤੂਬਰ ਮਹੀਨੇ ਦੀਆਂ ਤਨਖ਼ਾਹਾਂ ਵੀ ਨਸੀਬ ਨਹੀਂ ਹੋਈਆਂ। ਕਰ ਤੇ ਆਬਕਾਰੀ ਵਿਭਾਗ ਸਮੇਤ ਸਮੂਹ ਵਿਭਾਗਾਂ ਦੇ ਕੁਝ ਕੁ ਮੁਲਾਜ਼ਮਾਂ ਨੂੰ ਹੀ ਅਜੇ ਤਨਖ਼ਾਹਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਦੇ ਖਾਤਿਆਂ ਵਿਚ ਦੂਹਰੀਆਂ ਤਨਖ਼ਾਹਾਂ ਪੈਣ ਦੀ ਗ਼ਲਤੀ ਸਰਕਾਰ ਕੋਲੋਂ ਹੋਈ ਹੈ ਤੇ ਇਸ ਦੀ ਸਜ਼ਾ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈ।