Arash Info Corporation

ਬੁੜੈਲ ਵਿੱਚ ਸੁਨਿਆਰੇ ਦੀ ਦੁਕਾਨ ’ਚੋਂ ਗਹਿਣੇ ਲੁੱਟੇ

17

November

2018

ਚੰਡੀਗੜ੍ਹ, ਅੱਜ ਇਥੇ ਸੈਕਟਰ-45 ਵਿੱਚ ਪੈਂਦੇ ਪਿੰਡ ਬੁੜੈਲ ਵਿੱਚ ਪਿਸਤੌਲ ਦੇ ਜ਼ੋਰ ’ਤੇ ਦੋ ਲੁਟੇਰੇ ਇੱਕ ਸੁਨਿਆਰੇ ਦੀ ਦੁਕਾਨ ਵਿੱਚੋਂ ਹੀਰਿਆਂ ਦੇ ਗਹਿਣੇ ਲੁੱਟ ਕੇ ਲੈ ਗਏ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਰਹੇ ਲੁਟੇਰਿਆਂ ਨੂੰ ਆਸਪਾਸ ਦੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਪਰ ਲੁੱਟਿਆ ਹੋਇਆ ਮਾਲ ਬਰਾਮਦ ਨਹੀਂ ਹੋ ਸਕਿਆ। ਪਿੰਡ ਬੁੜੈਲ ਦੇ ਕੇਸ਼ੋ ਰਾਮ ਕੰਪਲੈਕਸ ਵਿੱਚ ਡੀਸੀ ਜਿਊਲਰਜ਼ ਨਾਂ ਦੀ ਦੁਕਾਨ ਚਲਾ ਰਹੇ ਚੇਤਨ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਸ਼ਾਮ 8 ਵਜੇ ਦੇ ਕਰੀਬ ਇੱਕ ਵਿਅਕਤੀ ਆਇਆ। ਉਸ ਦਾ ਇੱਕ ਸਾਥੀ ਦੁਕਾਨ ਦੇ ਬਾਹਰ ਖੜ੍ਹਾ ਰਿਹਾ। ਇਸ ਦੌਰਾਨ ਵਿਅਕਤੀ ਨੇ ਗਹਿਣੇ ਦਿਖਾਉਣ ਲਈ ਕਿਹਾ। ਚੇਤਨ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਹੀਰਿਆਂ ਦੇ ਗਹਿਣਿਆਂ ਦੀ ਟਰੇਅ ਉਸ ਵਿਅਕਤੀ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਸਤੌਲ ਦਿਖਾ ਕੇ ਗਹਿਣਿਆਂ ਦੀ ਟਰੇਅ ਖੋਹ ਲਈ ਅਤੇ ਆਪਣੇ ਸਾਥੀ ਨਾਲ ਪੈਦਲ ਹੀ ਭੱਜ ਗਿਆ। ਉਸ ਵੱਲੋਂ ਸ਼ੋਰ ਮਚਾਉਣ ’ਤੇ ਆਸਪਾਸ ਦੇ ਦੁਕਾਨਦਾਰਾਂ ਅਤੇ ਹੋਰ ਇਲਾਕਾ ਵਾਸੀਆਂ ਨੇ ਦੋਂਵੇ ਲੁਟੇਰਿਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਸੈਕਟਰ-45 ਦੇ ਸਿਵਲ ਹਸਪਤਾਲ ਦੇ ਪਿੱਛੋਂ ਕਾਬੂ ਕਰ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਦੋਵਾਂ ਲੁਟੇਰਿਆਂ ਨੇ ਗਹਿਣਿਆਂ ਦੀ ਟਰੇਅ ਨੂੰ ਗਾਇਬ ਕਰ ਦਿੱਤਾ। ਫੜੇ ਗਏ ਦੋਵਾਂ ਮੁਲਜ਼ਮਾਂ ਨੂੰ ਸੈਕਟਰ-45 ਦੀ ਪੁਲੀਸ ਚੌਕੀ ਵਿੱਚ ਲਿਜਾਇਆ ਗਿਆ। ਮੁਲਜ਼ਮਾਂ ਕੋਲੋਂ ਪਿਸਤੌਲ ਸਮੇਤ ਇੱਕ ਚਾਕੂ ਤੇ ਇੱਕ ਰਾਡ ਵੀ ਬਰਾਮਦ ਕੀਤੀ ਗਈ ਹੈ। ਲੁੱਟ ਦੀ ਵਾਰਦਾਤ ਨੂੰ ਲੈ ਕੇ ਸੈਕਟਰ-34 ਥਾਣੇ ਦੇ ਐਸਐਚਓ ਬਲਦੇਵ ਕੁਮਾਰ ਅਤੇ ਏਸੀਪੀ (ਦੱਖਣ) ਨਿਹਾਰੀਕਾ ਭੱਟ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਫੜੇ ਗਏ ਮੁਲਜ਼ਮਾਂ ਤੋਂ ਲੁੱਟੇ ਗਏ ਗਹਿਣਿਆਂ ਨੂੰ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਪੁਲੀਸ ਦੀ ਕਾਰਵਾਈ ਜਾਰੀ ਸੀ। ਦੱਸਣਯੋਗ ਹੈ ਕਿ ਲੁੱਟ ਦੀ ਇਹ ਘਟਨਾ ਜਿਸ ਦੁਕਾਨ ਵਿੱਚ ਵਾਪਰੀ ਹੈ ਉਹ ਦੁਕਾਨ ਪੁਲੀਸ ਚੌਕੀ ਤੋਂ ਮਹਿਜ 100 ਕਦਮਾਂ ਦੀ ਦੂਰੀ ’ਤੇ ਸਥਿਤ ਹੈ। ਇਸੇ ਦੌਰਾਨ ਬੁੜੈਲ ਇਲਾਕੇ ਦੇ ਦੁਕਾਨਦਾਰਾਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਲੁੱਟ ਦੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ।

E-Paper

Calendar

Videos