ਇੱਕ ਹਜ਼ਾਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਟੀਚਾ

16

November

2018

ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਅਗਲੇ ਸਾਲ ਮਾਰਚ ਤੱਕ ਇੱਕ ਹਜ਼ਾਰ ਮੁਹੱਲਾ ਕਲੀਨਿਕ ਸ਼ੁਰੂ ਕਰਨ ਦਾ ਟੀਚਾ ਤੈਅ ਕੀਤਾ ਹੈ ਤੇ ਕਲੀਨਿਕ ਲਈ ਜ਼ਿਆਦਾਤਰ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਹੈ। ਹੁਣ ਤੱਕ 187 ਮੁਹੱਲਾ ਕਲੀਨਿਕ ਚਲ ਰਹੇ ਹਨ। ਦਿੱਲੀ ਮੈਟਰੋ ਸਟੇਸ਼ਨ ਕੰਪਲੈਕਸ ਵਿੱਚ ਵੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਦਿੱਲੀ ਸਰਕਾਰ ਦੇ ਇੱਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਮੁਹੱਲਾ ਕਲੀਨਿਕ ਲਈ ਡੀਐਮਆਰਸੀ ਦੀਆਂ 86 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਤੇ ਇਨ੍ਹਾਂ ਵਿਚੋਂ 12 ਮੈਟਰੋ ਸਟੇਸ਼ਨ ਲਈ ਕੋਈ ਇਤਰਾਜ਼ ਨਹੀਂ (ਐਨਓਸੀ) ਦਾ ਪ੍ਰਮਾਣ ਪੱਤਰ ਵੀ ਮਿਲ ਗਿਆ ਹੈ ਤੇ ਜਲਦ ਹੀ ਇਥੇ ਕੰਮ ਸ਼ੁਰੂ ਹੋ ਜਾਵੇਗਾ। ਦਿੱਲੀ ਸਰਕਾਰ ਦੇ ਅਧਿਕਾਰੀਆਂ ਮੁਤਾਬਿਕ 600 ਤੋਂ ਜ਼ਿਆਦਾ ਥਾਵਾਂ ਨੂੰ ਐਨਓਸੀ ਦਿੱਤੀ ਗਈ ਹੈ ਤੇ ਇਨ੍ਹਾਂ ਵਿਚੋਂ ਕਰੀਬ 333 ਥਾਵਾਂ ’ਤੇ ਅਗਲੇ ਮਹੀਨੇ ਤੋਂ ਮੁਹੱਲਾ ਕਲੀਨਿਕ ਬਣਨੇ ਸ਼ੁਰੂ ਹੋ ਜਾਣਗੇ। ਮੁਹੱਲਾ ਕਲੀਨਿਕ ਦੇ ਨਾਲ-ਨਾਲ ਅਗਲੇ ਮਹੀਨੇ ਤੋਂ ਸਕੂਲਾਂ ਵਿੱਚ ਵੀ ਸਿਹਤ ਕਲੀਨਿਕ ਬਣਨੇ ਸ਼ੁਰੂ ਹੋ ਜਾਣਗੇ। 265 ਸਕੂਲ ਸਿਹਤ ਕਲੀਨਿਕ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਕਲੱਸਟਰ ਦੇ ਹਿਸਾਬ ਨਾਲ ਸਕੂਲਾਂ ਵਿੱਚ ਵੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਇਸ ਬਾਰੇ ਸਰਵੇਖਣ ਕੀਤਾ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਸਕੂਲਾਂ ਨੂੰ ਮਿਲਾ ਕੇ ਇੱਕ ਕਲੱਸਟਰ ਬਣਾਇਆ ਜਾਵੇਗਾ ਤੇ 2-3 ਸਕੂਲਾਂ ਦੇ ਬੱਚਿਆਂ ਲਈ ਇੱਕ ਥਾਂ ’ਤੇ ਇੱਕ ਸਿਹਤ ਕਲੀਨਿਕ ਬਣਾਏ ਜਾਣ ਦੀ ਯੋਜਨਾ ਹੈ। ਇਨ੍ਹਾਂ ਕਲੀਨਿਕਾਂ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਦੀ ਸਕਰੀਨਿੰਗ, ਅਨੀਮੀਆ, ਨਿਊਟਰੀਸ਼ੀਅਨ, ਹੀਅਰਿੰਗ ਪ੍ਰਾਬਲਮ, ਵੈਕਸੀਨੇਸ਼ਨ, ਦੰਦਾਂ ਦੀ ਜਾਂਚ ਦੇ ਨਾਲ-ਨਾਲ ਸਿਹਤ ਐਜੂਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।