ਸਿਗਨੇਚਰ ਪੁਲ ’ਤੇ ਸੈਲਫੀਆਂ ਲੈਣ ਕਾਰਨ ਆਵਾਜਾਈ ਪ੍ਰਭਾਵਿਤ

16

November

2018

ਨਵੀਂ ਦਿੱਲੀ, ਸਿਗਨੇਚਰ ਬ੍ਰਿਜ ਦੇਸ਼ ਦਾ ਪਹਿਲਾ ਤਾਰਾਂ ਉਪਰ ਬਣਿਆ ਪੁੱਲ ਹੈ ਜੋ ਯਮੁਨਾ ਨਦੀ ’ਤੇ ਦਿੱਲੀ ਸਰਕਾਰ ਵੱਲੋਂ ਬਣਾਇਆ ਗਿਆ ਹੈ। ਇਸ ਪੁਲ ਉਪਰ ਰੋਜ਼ਾਨਾ ਹੀ ਲੋਕ ਸੈਲਫੀਆਂ ਖਿੱਚਣ ਲਈ ਆਉਂਦੇ ਹਨ ਜਿਸ ਨਾਲ ਆਵਾਜਾਈ ਪ੍ਰਭਾਵਤ ਹੋਣ ਲੱਗੀ ਹੈ। ਇਸ ਤੋਂ ਇਲਾਵਾ ਪੁਲ ਉਤੇ ਅਸ਼ਲੀਲ ਹਰਕਤਾਂ ਕਰਕੇ ਮਾਹੌਲ ਖਰਾਬ ਕਰਨ ਵਾਲੇ ਚਾਰ ਹਿਜੜਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਦੀ ਯੋਜਨਾ ਹੈ ਕਿ ਇਸ ਪੁੱਲ ਦੀ 22 ਮੀਟਰ ਦੀ ਉਚਾਈ ਉਪਰ ਸ਼ੀਸ਼ੇ ਦਾ ਘੇਰਾ ਬਣਾਇਆ ਜਾਵੇ ਜਿੱਥੋਂ ਸੈਲਾਨੀ ਯਮੁਨਾ ਨਦੀ ਤੇ ਇਲਾਕੇ ਦਾ ਨਜ਼ਾਰਾ ਦੇਖ ਸਕਣ। ਇਸ ਲਈ ਲਿਫ਼ਟ ਲਾਉਣ ਦਾ ਕੰਮ ਜਾਰੀ ਹੈ। ਮਾਹਰਾਂ ਵੱਲੋਂ ਹੁਣੇ ਹੀ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਉਸ ਵੇਲੇ ਟ੍ਰੈਫਿਕ ਦੀ ਹੋਰ ਵੀ ਸਮੱਸਿਆ ਹੋ ਸਕਦੀ ਹੈ ਜਦੋਂ ਲੋਕ ਗੱਡੀਆਂ ਸੜਕ ਕੰਢੇ ਖੜ੍ਹੀਆਂ ਕਰ ਦੇਣਗੇ। ਦੂਜੇ ਪਾਸੇ ਹਿਜੜਿਆਂ ਵੱਲੋਂ ਸਿਗਨੇਚਰ ਬ੍ਰਿਜ ਉਪਰ ਅਸ਼ਲੀਲਤਾ ਫੈਲਾਏ ਜਾਣ ਮਗਰੋਂ ਦਿੱਲੀ ਪੁਲੀਸ ਨੇ ਹਿਜੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ। ਪੁਲੀਸ ਨੇ ਅਨੈਤਿਕ ਕੰਮ ਕਰਨ ਵਾਲੇ ਚਾਰ ਹਿਜੜਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ ਲਾਜਪਤ ਨਗਰ ਦੇ ਮੈਟਰੋ ਸਟੇਸ਼ਨ ਨੇੜੇ ਵੀ ਹਿਜੜਿਆਂ ਵੱਲੋਂ ਅਸ਼ਲੀਲਤਾ ਫੈਲਾਏ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਹੁਣ ਪੁਲੀਸ ਵੱਲੋਂ ਅਜਿਹੀਆਂ ਥਾਵਾਂ ਉਪਰ ਨਜ਼ਰ ਰੱਖੀ ਜਾ ਰਹੀ ਹੈ। ਪੁਲੀਸ ਨੇ ਅਣਪਛਾਤੇ ਹਿਜੜਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਗਨੇਚਰ ਬ੍ਰਿਜ ਦਾ ਜਦੋਂ ਤੋਂ ਉਦਘਾਟਨ ਹੋਇਆ ਹੈ ਉਦੋਂ ਤੋਂ ਹੀ ਇਹ ਥਾਂ ਸੈਲਫ਼ੀਆਂ ਖਿੱਚਣ ਵਾਲਾ ਸਥਾਨ ਬਣ ਗਿਆ ਹੈ ਤੇ ਲੋਕ ਇੱਥੇ ਆਉਣ ਲੱਗੇ ਹਨ। ਜਦੋਂ ਇਸ ਪੁੱਲ ਦੇ ਸਿਖ਼ਰ ਉਪਰ ਦਰਸ਼ਨੀ ਸਥਾਨ ਬਣ ਗਿਆ ਤਾਂ ਉਦੋਂ ਟਰੈਫਿਕ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਪੁਲੀਸ ਵੱਲੋਂ ਇੱਥੇ ਨੋਟਿਸ ਬੋਰਡ ਲਾ ਕੇ ਲੋਕਾਂ ਨੂੰ ਖ਼ਤਰਨਾਕ ਸੈਲਫੀਆਂ ਨਾ ਖਿੱਚਣ ਬਾਰੇ ਸਬੰਧਤ ਅਥਾਰਟੀ ਨੂੰ ਲਿਖਿਆ ਹੈ।