ਕੈਪਟਨ ਵੱਲੋਂ ਰਾਹੁਲ ਨਾਲ ਮੁਲਾਕਾਤ

16

November

2018

ਨਵੀਂ ਦਿੱਲੀ, ਪੰਜਾਬ ਕੈਬਨਿਟ ਵਿਚ ਵਾਧੇ ਸਮੇਤ ਸੂਬੇ ਦੀ ਕਾਂਗਰਸ ਪਾਰਟੀ ਨਾਲ ਜੁੜੇ ਮੁੱਦੇ ਪੰਜ ਰਾਜਾਂ ਦੀਆਂ ਚੋਣਾਂ ਮਗਰੋਂ ਹੀ ਹਾਈ ਕਮਾਂਡ ਨਾਲ ਵਿਚਾਰੇ ਜਾਣਗੇ ਤੇ ਚੋਣ ਨਤੀਜਿਆਂ ਮਗਰੋਂ ਹੀ ਕੋਈ ਤਬਦੀਲੀ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੁਲ ਕਾਂਗਰਸ ਦੇ ਸਕੱਤਰ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਕੀਤੀ ਗਈ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਰਾਹੁਲ ਗਾਂਧੀ ਨੇ ਪੰਜਾਬ ਦੇ ਆਗੂਆਂ ਨੂੰ ਵਰਕਰਾਂ ਨਾਲ ਤਾਲਮੇਲ ਵਧਾਉਣ ਬਾਰੇ ਕਿਹਾ ਤੇ ਆਖਿਆ ਕਿ ਪੰਜ ਰਾਜਾਂ ਦੀਆਂ ਚੋਣਾਂ ਮਗਰੋਂ ਹੀ ਸੂਬਾਈ ਮਸਲੇ ਵਿਚਾਰੇ ਜਾਣਗੇ। ਸੂਤਰਾਂ ਅਨੁਸਾਰ ਤੇਜ਼-ਤੱਰਾਰ ਚੋਣ ਪ੍ਰਚਾਰਕ ਵਜੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੂਬਾਈ ਚੋਣਾਂ ਦੌਰਾਨ ਪ੍ਰਚਾਰ ਲਈ ਭੇਜਣ ਬਾਰੇ ਵੀ ਚਰਚਾ ਹੋਈ ਹੈ। ਕੈਪਟਨ ਨੇ ਰਾਹੁਲ ਗਾਂਧੀ ਨਾਲ ਵੱਖਰੇ ਤੌਰ ’ਤੇ ਵੀ ਕਰੀਬ 20 ਮਿੰਟ ਮੀਟਿੰਗ ਕੀਤੀ। ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਲੋਕ ਸਭਾ ਚੋਣਾਂ ਬਾਰੇ ਚਰਚਾ ਕੀਤੀ। ਆਸ਼ਾ ਕੁਮਾਰੀ ਦਾ ਭਰਾ ਛੱਤੀਸਗੜ੍ਹ ਤੋਂ ਚੋਣ ਲੜ ਰਿਹਾ ਹੈ ਤੇ ਹੋਰ ਸੀਨੀਅਰ ਆਗੂ ਵੀ ਚੋਣਾਂ ਵਿਚ ਰੁੱਝੇ ਰਹਿਣਗੇ, ਇਸ ਲਈ ਅੱਜ ਦੀ ਬੈਠਕ ਵਿਚ ਕੋਈ ਅਹਿਮ ਫ਼ੈਸਲਾ ਨਹੀਂ ਹੋ ਸਕਿਆ।