ਗੁਲਾਬਗੜ੍ਹ ਦੀ ਧੀ ਦੇ ਘਰ ਮਹਿਕਿਆ ਦੀਵਾਲੀ ਬੰਪਰ

16

November

2018

ਬਠਿੰਡਾ, ਪਿੰਡ ਗੁਲਾਬਗੜ੍ਹ ਦੇ ਇੱਕ ਗਰੀਬ ਘਰ ਵਿੱਚ ਵੱਜੀ ਫੋਨ ਦੀ ਘੰਟੀ ਨੇ ਪਲਾਂ ਵਿਚ ਹੀ ਘਰ ਦੀ ਕਾਇਆ ਪਲਟ ਦਿੱਤੀ ਹੈ। ਬਠਿੰਡਾ ਦੇ ਐਸ.ਐਸ.ਪੀ ਦਫ਼ਤਰ ਵਿੱਚ ਤਾਇਨਾਤ ਹੋਮਗਾਰਡ ਜਵਾਨ ਪਰਮਜੀਤ ਸਿੰਘ ਨੂੰ ਚਿੱਤ ਚੇਤਾ ਵੀ ਨਹੀ ਸੀ ਕਿ ਘਰ ਵਿੱਚ ਡੇਢ ਕਰੋੜ ਦੀ ਲਕਸ਼ਮੀ ਚਾਨਣਾ ਕਰਨ ਵਾਲੀ ਹੈ। ਪਰਮਜੀਤ ਮੰਨਦਾ ਹੈ ਕਿ ਲੜਕੀਆਂ ਨੂੰ ਹਮੇਸ਼ਾਂ ਬੋਝ ਮੰਨਣ ਵਾਲੇ ਮਾਪਿਆਂ ਵਿੱਚੋਂ ਉਹ ਵੀ ਇੱਕ ਸੀ, ਜਦੋਂ ਘੱਟ ਤਨਖਾਹ ਕਾਰਨ 4 ਬੱਚੇ ਪੜ੍ਹਾਈ ਲਈ ਫੀਸ ਮੰਗਦੇ ਤਾਂ ਮਨ ਉਦਾਸ ਹੋ ਜਾਂਦਾ। ਧੀ ਦੇ ਵੱਡੇ ਭਾਗਾਂ ਨਾਲ ਅਧਰੰਗ ਪੀੜਤ ਮੇਰੀ ਮਾਂ ਨੂੰ ਵਰ੍ਹਿਆਂ ਬਾਅਦ ਖ਼ੁਸ਼ੀ ਮਿਲੀ ਹੈ। ਜਦੋਂ ਫੋਨ ਦੀ ਘੰਟੀ ਵੱਜੀ ਤਾ ਉਸ ਨੂੰ ਸੱਚ ਨਾ ਆਇਆ। ਅੱਜ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਕਰਨ ਪਹੁੰਚ ਗਿਆ। ਦੀਵਾਲੀ ਬੰਪਰ ਜੇਤੂ ਲਖਵਿੰਦਰ ਕੌਰ ਦੱਸਦੀ ਹੈ ਕਿ ਉਸ ਨੇ ਆਪਣੀ ਮਾਂ ਨਾਲ ਜ਼ਿੱਦ ਕਰਕੇ ਬਠਿੰਡਾ ਦੇ ਰਤਨ ਲਾਟਰੀ ਵਾਲੇ ਤੋਂ ਭਲੇ ਦਿਨਾਂ ਦੀ ਆਸ ਨਾਲ ਦੀਵਲੀ ਵਾਲੀ ਲਾਟਰੀ ਬੀ 936134 ਖਰੀਦੀ ਸੀ। ਲੜਕੀ ਨੇ ਖੁਸ਼ੀ ਵਿੱਚ ਖੀਵੇ ਹੁੰਦਿਆਂ ਦੱਸਿਆ ਕਿ ਪਿੰਡ ਗੁਲਾਬਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਹੁਣ ਲਾਟਰੀ ਨਿਕਲਣ ਕਾਰਨ ਆਪਣੀ ਪੜ੍ਹਾਈ ਦੇ ਨਾਲ ਛੋਟੇ ਭਰਾ ਤੇ ਭੈਣ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰੇਗੀ। ਲਖਵਿੰਦਰ ਨੇ ਕਿਹਾ ਕਿ ਉਸਦੀ ਮਾਂ ਹਰਦੀਪ ਕੌਰ ਦਾ ਹਮੇਸ਼ਾ ਸੁਪਨਾ ਸੀ ਕਿ ਉਸ ਦਾ ਵੱਡਾ ਘਰ ਹੋਵੇ, ਉਹ ਹੁਣ ਵੱਡਾ ਘਰ ਬਣਾਉਣਗੇ ਕਿਉਂਕਿ ਗਰੀਬੀ ਅਤੇ ਬੇਵਸੀ ਦੇ ਆਲਮ ਵਿਚ ਨਿੱਕੇ ਜਿਹੇ ਘਰ ਵਿੱਚ ਗੁਜ਼ਾਰੇ ਲਈ ਬੱਕਰੀਆਂ ਵੀ ਰੱਖੀਆਂ ਹੋਈਆਂ ਹਨ। ਲੜਕੀ ਦੇ ਭਰੇ ਅਰਸ਼ਦੀਪ ਤੇ ਰਾਮ ਸਿੰਘ ਦੱਸਦੇ ਹਨ ਕਿ ਉਹ ਛੋਟਾ ਹਾਥੀ ਲੈਣਗੇ।