ਅਧਿਆਪਕ ਯੂਨੀਅਨ ਦੇ ਪ੍ਰਧਾਨ ਸਰਵਣ ਸਿੰਘ ਕੰਬੋਜ ਨੂੰ ਨੋਟਿਸ

16

November

2018

ਚੰਡੀਗੜ੍ਹ, ਜੇਬੀਟੀ ਦੀਆਂ ਅਸਾਮੀਆਂ ਲਈ ਪ੍ਰੀਖਿਆ ਪੰਜਾਬੀ ’ਚ ਵੀ ਦੇਣਾ ਲਾਜ਼ਮੀ ਕਰਨ ਲਈ ਆਵਾਜ਼ ਬੁਲੰਦ ਕਰਨ ਵਾਲੇ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਕੰਬੋਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਵਿੱਚ ਤਬਲਾ ਅਧਿਆਪਕ ਹਨ ਜਦਕਿ ਉਨ੍ਹਾਂ ਨੂੰ ਸਰਕਾਰੀ ਸਕੂਲ ਸੈਕਟਰ-37 ਦੇ ਅਧਿਆਪਕ ਹੋਣ ਦੇ ਨਾਤੇ ਨੋਟਿਸ ਦਿੱਤਾ ਗਿਆ ਹੈ। ਇਸ ਨੋਟਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਿਭਾਗ ਨੂੰ ਆਪਣੇ ਹੀ ਅਧਿਆਪਕਾਂ ਦੀ ਕਿਸੇ ਸਕੂਲ ਵਿਚ ਤਾਇਨਾਤੀ ਬਾਰੇ ਪਤਾ ਹੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ 14 ਨਵੰਬਰ ਨੂੰ ਸਵਰਣ ਸਿੰਘ ਕੰਬੋਜ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਦੇ ਪਤੇ ’ਤੇ ਨੋਟਿਸ ਭੇਜਿਆ ਜਦਕਿ ਉਨ੍ਹਾਂ ਦੀ ਬਦਲੀ ਦੋ ਸਾਲ ਪਹਿਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਵਿਚ ਹੋ ਚੁੱਕੀ ਹੈ। ਵਿਭਾਗ ਨੇ ਕਿਹਾ ਹੈ ਕਿ ਜੇਬੀਟੀ ਪ੍ਰੀਖਿਆ ਦੇ ਮਾਮਲੇ ਵਿਚ ਅਧਿਆਪਕ ਕੰਬੋਜ ਨੇ ਬੇਵਜ੍ਹਾ ਮੀਡੀਆ ਸਾਹਮਣੇ ਬਿਆਨ ਦਿੱਤੇ ਜਿਸ ਕਾਰਨ ਉਨ੍ਹਾਂ ਨੂੰ ਸੱਤ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਇਕ ਮਹੀਨਾ ਪਹਿਲਾਂ ਜੇਬੀਟੀ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਸਨ ਤੇ ਉਸ ਵਿਚ ਪ੍ਰੀਖਿਆ ਸਿਰਫ ਅੰਗਰੇਜ਼ੀ ਤੇ ਹਿੰਦੀ ਵਿਚ ਦੇਣ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਾਰ ਪ੍ਰੀਖਿਆ ਵਿਚ ਪੰਜਾਬੀ ਨਾਲ ਸਬੰਧਤ ਸਿਰਫ ਦਸ ਨੰਬਰ ਦੇ ਸਵਾਲ ਰੱਖੇ ਜਾਣ ਬਾਰੇ ਦੱਸਿਆ ਗਿਆ ਸੀ ਜਦਕਿ ਇਸ ਤੋਂ ਪਹਿਲਾਂ ਹੋਈ ਪ੍ਰੀਖਿਆ ਵਿਚ ਪੰਜਾਬੀ ਦੇ 25 ਅੰਕ ਰੱਖੇ ਗਏ ਸਨ। ਇਸ ਤੋਂ ਇਲਾਵਾ ਕੰਬੋਜ ਨੇ ਇਹ ਵੀ ਮੰਗ ਰੱਖੀ ਸੀ ਕਿ ਸੀਬੀਐਸਈ ਵਲੋਂ ਸੀਟੈੱਟ ਦੀ ਪ੍ਰੀਖਿਆ ਦੋ ਸਾਲ ਤੋਂ ਨਹੀਂ ਲਈ ਗਈ ਇਸ ਕਰਕੇ ਇਸ ਪ੍ਰੀਖਿਆ ਵਿਚ ਬੈਠਣ ਵਾਲਿਆਂ ਨੂੰ ਸੀਟੈਟ ਦੀ ਪ੍ਰੀਖਿਆ ਤੋਂ ਛੋਟ ਦਿੱਤੀ ਜਾਵੇ। 5ਦੱਸਣਯੋਗ ਹੈ ਕਿ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਜਮਾਤ ਤਕ ਪੰਜਾਬੀ ਪੜ੍ਹਾਉਣ ਵਾਲੇ ਜ਼ਿਆਦਾਤਰ ਅਧਿਆਪਕ ਹਰਿਆਣਾ ਨਾਲ ਸਬੰਧਤ ਹਨ ਤੇ ਇਥੇ ਅਕਸਰ ਵਿਦਿਆਰਥੀਆਂ ਨੂੰ ਪੰਜਾਬੀ ਨਾ ਪੜ੍ਹਾਉਣ ਬਾਰੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਇਸ ਦੇ ਉਲਟ ਸਿੱਖਿਆ ਵਿਭਾਗ ਵਲੋਂ ਤੈ ਭਾਸ਼ੀ ਫਾਰਮੂਲਾ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਅਧਿਆਪਕ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਦਿੱਤਾ ਬਿਆਨ: ਕੰਬੋਜ ਸ੍ਰੀ ਕੰਬੋਜ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਤੇ ਸੀਟੈਟ ਦੀ ਪ੍ਰੀਖਿਆ ਲਈ ਮੀਡੀਆ ਵਿਚ ਅਧਿਆਪਕ ਵਜੋਂ ਨਹੀਂ ਬਲਕਿ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਬਿਆਨ ਦਿੱਤਾ ਸੀ। ਉਹ ਸ਼ੁਰੂ ਤੋਂ ਹੀ ਇਸ ਹੱਕ ਵਿਚ ਰਹੇ ਹਨ ਕਿ ਜੇਬੀਟੀ ਅਧਿਆਪਕ ਅੰਗਰੇਜ਼ੀ, ਹਿੰਦੀ ਦੇ ਨਾਲ-ਨਾਲ ਪੰਜਾਬੀ ਵੀ ਪੜ੍ਹਾਉਂਦੇ ਹਨ ਤੇ ਜੇ ਅਧਿਆਪਕ ਨੂੰ ਆਪ ਪੰਜਾਬੀ ਨਹੀਂ ਆਉਂਦੀ ਹੋਵੇਗੀ ਤਾਂ ਉਹ ਵਿਦਿਆਰਥੀਆਂ ਨੂੰ ਕੀ ਪੜ੍ਹਾਵੇਗਾ।