Arash Info Corporation

ਜਗਤਪੁਰਾ ਵਿੱਚ ਦੋ ਨੌਜਵਾਨਾਂ ’ਤੇ ਕਾਤਲਾਨਾ ਹਮਲਾ

16

November

2018

ਐਸਏਐਸ ਨਗਰ (ਮੁਹਾਲੀ), ਮੁਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਹੱਦ ਨਾਲ ਲਗਦੇ ਪਿੰਡ ਜਗਤਪੁਰਾ ਵਿੱਚ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਇੱਕ ਜ਼ਖ਼ਮੀ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲੀਸ ਨੇ ਹਮਲਾਵਰਾਂ ਦਾ ਪਿੱਛਾ ਕਰਕੇ ਚੰਡੀਗੜ੍ਹ ਦੇ ਸੈਕਟਰ-52 ਵਿੱਚੋਂ ਹਮਲਾਵਰਾਂ ਦੀਆਂ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਇਨ੍ਹਾਂ ਵਾਹਨਾਂ ’ਚੋਂ ਪੁਲੀਸ ਨੂੰ ਤੇਜ਼ਧਾਰ ਹਥਿਆਰ ਮਿਲੇ ਹਨ। ਇਸ ਦੌਰਾਨ ਪੁਲੀਸ ਨੇ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਹਮਲਾਵਰ ਦੀ ਪਛਾਣ ਮੁਹੰਮਦ ਸਾਜਿਦ ਵਜੋਂ ਹੋਈ ਹੈ। ਸੋਹਾਣਾ ਥਾਣੇ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਹੰਮਦ ਸਾਜਿਦ ਤੇ ਉਸ ਦੇ ਦਰਜਨਾਂ ਸਾਥੀਆਂ ਦੇ ਖ਼ਿਲਾਫ਼ ਧਾਰਾ 307, 364, 232, 148,149 ਅਤੇ 120-ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਕਰੀਬ 20-25 ਨੌਜਵਾਨ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਗਤਪੁਰਾ ਵਿੱਚ ਵਿਰੋਧੀ ਧੜੇ ਦੇ ਆਗੂ ਸੰਮੀ ਦੀ ਕੁੱਟਮਾਰ ਕਰਨ ਆਏ ਸਨ ਪਰ ਸੰਮੀ ਤਾਂ ਨਹੀਂ ਮਿਲਿਆ ਪਰ ਹਮਲਾਵਰਾਂ ਨੂੰ ਸੰਮੀ ਦੇ ਦੋ ਸਾਥੀ ਰਵੀ ਅਤੇ ਸ਼ਿਵ ਸੰਕਰ ਰਸਤੇ ਵਿੱਚ ਮਿਲ ਗਏ। ਮੁਲਜ਼ਮਾਂ ਨੇ ਦੋਵਾਂ ਜਣਿਆਂ ’ਤੇ ਲੋਹੇ ਦੀਆਂ ਰਾਡਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਇੱਕ ਜ਼ਖ਼ਮੀ ਨੌਜਵਾਨ ਨੂੰ ਅਗਵਾ ਕਰਕੇ ਚੰਡੀਗੜ੍ਹ ਲੈ ਗਏ। ਇਸ ਦੌਰਾਨ ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਹਮਲਾਵਰਾਂ ਦਾ ਪਿੱਛਾ ਕਰਕੇ ਸੈਕਟਰ-52 ’ਚੋਂ ਇੱਕ ਹਮਲਾਵਰ ਮੁਹੰਮਦ ਸਾਜਿਦ ਨੂੰ ਕਾਬੂ ਕਰ ਲਿਆ ਜਦੋਂ ਉਸ ਦੇ ਸਾਥੀ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਆਪਣੇ ਵਾਹਨ ਛੱਡ ਕੇ ਉੱਥੋਂ ਫਰਾਰ ਹੋ ਗਏ। ਪੁਲੀਸ ਨੇ ਕਬਜ਼ੇ ਵਿੱਚ ਲਏ ਵਾਹਨਾਂ ਦੀ ਤਲਾਸ਼ੀ ਲੈਣ ’ਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਬੀਤੀ 4 ਨਵੰਬਰ ਨੂੰ ਵੀ ਸੋਹਾਣਾ ਥਾਣੇ ਵਿੱਚ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਅਗਵਾ ਹੋਏ ਨੌਜਵਾਨ ਨੂੰ ਵੀ ਬਾਅਦ ਵਿੱਚ ਬਰਾਮਦ ਕਰ ਲਿਆ ਤੇ ਦੋਵੇਂ ਜ਼ਖ਼ਮੀ ਨੌਜਵਾਨ ਸੈਕਟਰ-32 ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਸ ਮਗਰੋਂ ਦੇਰ ਰਾਤ ਪੁਲੀਸ ਨੇ ਹੈਦਰ ਅਲੀ ਨਾਮ ਦੇ ਹਮਲਾਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

E-Paper

Calendar

Videos