ਚੇਅਰਮੈਨੀਆਂ ਤੇ ਹੋਰ ਮਸਲਿਆਂ ਬਾਰੇ ਕੈਪਟਨ-ਰਾਹੁਲ ਮੁਲਾਕਾਤ ਅੱਜ

15

November

2018

ਚੰਡੀਗੜ੍ਹ, ਕੈਪਟਨ ਸਰਕਾਰ ਦਸ ਦੇ ਕਰੀਬ ਸੀਨੀਅਰ ਵਿਧਾਇਕਾਂ ਨੂੰ ਬੋਰਡਾਂ ਅਤੇ ਨਿਗਮਾਂ ਦੀਆਂ ਚੇਅਰਮੈਨੀਆਂ ਨਾਲ ਨਿਵਾਜਣ ਲਈ ਤਿਆਰ ਹੈ ਤਾਂ ਕਿ ਉਨ੍ਹਾਂ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਸਿਲਸਿਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਭਲਕੇ ਦੁਪਹਿਰੇ ਮੀਟਿੰਗ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਸੰਭਾਵੀ ਚੇਅਰਮੈਨਾਂ ਦੇ ਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ। ਪਾਰਟੀ ਹਾਈ ਕਮਾਂਡ ਨੇ ਇਸ ਮੀਟਿੰਗ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਦਿੱਲੀ ਸੱਦ ਲਿਆ ਹੈ। ਮੀਟਿੰਗ ਵਿੱਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਦੇ ਵੀ ਸ਼ਾਮਲ ਹੋਣ ਦੇ ਆਸਾਰ ਹਨ। ਚੌਧਰੀ ਦੇ ਆਸਾਰ ਹਾਲਾਂਕਿ ਥੋੜ੍ਹੇ ਮੱਧਮ ਹਨ, ਕਿਉਂਕਿ ਉਹ ਰਾਜਸਥਾਨ ਅਸੈਂਬਲੀ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਹਨ। ਕਾਬਿਲੇਗੌਰ ਹੈ ਕਿ ਪੰਜਾਬ ਦੇ ਰਾਜਪਾਲ ਨੇ ਪਿਛਲੇ ਦਿਨੀਂ ਵਿਧਾਇਕਾਂ ਨੂੰ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ ਲਾਉਣ ਲਈ ਸੋਧ ਬਿਲ ’ਤੇ ਮੋਹਰ ਲਾ ਦਿੱਤੀ ਸੀ, ਜਿਸ ਨਾਲ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਦਾ ਰਾਹ ਪੱਧਰਾ ਹੋ ਗਿਆ ਸੀ। ਚੇਅਰਮੈਨ ਬਨਣ ਦੀ ਦੌੜ ’ਚ ਸ਼ਾਮਲ ਵਿਧਾਇਕਾਂ ਵਿੱਚ ਹਾਲ ਦੀ ਘੜੀ ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ, ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਉੜਮੁੜ ਤੋਂ ਸੰਗਤ ਸਿੰਘ ਗਿਲਜੀਆ, ਅਮਰਗੜ੍ਹ ਤੋਂ ਸੁਰਜੀਤ ਸਿੰਘ ਧੀਮਾਨ ਆਦਿ ਸ਼ਾਮਲ ਹਨ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਵੀ ਕਾਂਗਰਸ ਪ੍ਰਧਾਨ ਨਾਲ ਸੂਬੇ ਦੇ ਕੁਝ ਮਸਲਿਆਂ ਬਾਰੇ ਵਿਚਾਰ ਕਰਨੀ ਸੀ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਰੁਝੇਵਿਆਂ ਕਾਰਨ ਮੀਟਿੰਗ ਨਹੀਂ ਸੀ ਹੋ ਸਕੀ। ਮੀਟਿੰਗ ਨਾ ਹੋਣ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀਆਂ ਕੀਤੇ ਜਾਣ ਦਾ ਮਾਮਲਾ ਲਟਕਦਾ ਆ ਰਿਹਾ ਹੈ। ਇਸ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਲਾਉਣ ਅਤੇ ਜਥੇਬੰਦਕ ਢਾਂਚੇ ਵਿਚ ਹੋਰ ਤਬਦੀਲੀਆਂ ਕਰਨ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਫ਼ੌਜ ਦੇ ਕੰਮਕਾਜ ’ਚ ਸਿਆਸੀ ਦਖ਼ਲ ਬੰਦ ਹੋਵੇ: ਕੈਪਟਨ ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਹਥਿਆਰਬੰਦ ਫੌਜ ਸਿਰਫ ਸਬੰਧਤ ਰਜਮੈਂਟ ਦੇ ਮੁਖੀ ਨੂੰ ਜਵਾਬਦੇਹ ਹੁੰਦੀ ਹੈ। ਫੌਜ ਦਾ ਕੰਮ ਸਿਆਸੀ ਨਿਜ਼ਾਮ ਦੇ ਇਸ਼ਾਰਿਆਂ ’ਤੇ ਚੱਲਣਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਰੱਖਿਆ ਫੌਜਾਂ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਰੀਤ ਦਾ ਫੌਰੀ ਅੰਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਫੌਜ ਦੇ ਅਫ਼ਸਰ ਤੇ ਜਵਾਨ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾਅ ਸਕਣ। ਪਹਿਲੀ ਵਿਸ਼ਵ ਜੰਗ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਰਾਸ਼ਟਰਮੰਡਲ ਮੁਲਕਾਂ ਦੇ ਹਥਿਆਰਬੰਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਕਰਵਾਏ ਯਾਦਗਾਰੀ ਦਿਹਾੜੇ ਮੌਕੇ ਪਤਵੰਤਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕੀਤਾ ਕਿ ਆਜ਼ਾਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇਨ੍ਹਾਂ ਮਹਾਨ ਸੈਨਿਕਾਂ ਦੀ ਮਿਸਾਲੀ ਬਹਾਦਰੀ ਅਤੇ ਅਮਿੱਟ ਜਜ਼ਬੇ ਨੂੰ ਬਣਦੀ ਮਾਨਤਾ ਨਹੀਂ ਮਿਲ ਸਕੀ। ਇਸ ਇਤਿਹਾਸਕ ਜੰਗ ਵਿੱਚ ਲਗਪਗ 74000 ਸੈਨਿਕ ਸ਼ਹੀਦ ਜਦਕਿ 67000 ਜ਼ਖ਼ਮੀ ਹੋਏ। ਉਨ੍ਹਾਂ ਸਕੂਲੀ ਪਾਠਕ੍ਰਮ ਵਿੱਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਭਾਰਤ ਦੇ ਯੋਗਦਾਨ ਸਬੰਧੀ ਵਿਸਥਾਰਤ ਅਧਿਆਏ ਸ਼ਾਮਲ ਕਰਨ ਦੀ ਵਕਾਲਤ ਵੀ ਕੀਤੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰੀਊ ਆਇਰ ਨੇ ਵਿਸ਼ਵ ਜੰਗ ਵਿੱਚ ਭਾਰਤ ਫ਼ੌਜੀਆਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਨੇਡੀਅਨ ਕੌਂਸੁਲੇਟ ਜਨਰਲ ਮੀਆ ਯੇਨ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਫ਼ੌਜ ਦੇ ਸਾਬਕਾ ਮੁਖੀ ਵੀ.ਪੀ. ਮਲਿਕ ਅਤੇ ਪੱਛਮੀ ਕਮਾਂਡ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।