ਦੋ ਮਹੀਨਿਆਂ ਤੋਂ ਤਨਖ਼ਾਹੋਂ ਵਾਂਝੇ ਨੇ ਅਧਿਆਪਕ

14

November

2018

ਨਵੀਂ ਦਿੱਲੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚੋਂ ਕਈਆਂ ਨੂੰ ਦੋ-ਦੋ ਮਹੀਨੇ ਦੀ ਤਨਖ਼ਾਹ ਨਹੀਂ ਮਿਲ ਸਕੀ ਹੈ ਜਿਸ ਕਰਕੇ ਉਨ੍ਹਾਂ ਦੀ ਦੀਵਾਲੀ ਤਾਂ ਕਾਲੀ ਲੰਘੀ ਹੈ ਤੇ ਹੁਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਉਹ ਤੰਗ ਹੱਥਾਂ ਨਾਲ ਹੀ ਮਨਾਉਣ ਲਈ ਮਜਬੂਰ ਹੋਣਗੇ। ਐਜੂਕੇਸ਼ਨ ਵਿੰਗ ਦੇ ਆਗੂ ਹਰਮੀਤ ਸਿੰਘ ਕਾਲਕਾ (ਸੀਨੀਅਰ ਮੀਤ ਪ੍ਰਧਾਨ) ਨੇ ਕਿਹਾ ਕਿ 10 ਨਵੰਬਰ ਤੋਂ ਸਕੂਲਾਂ ਨੂੰ ਤਨਖ਼ਾਹ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਤੇ ਛੇਤੀ ਹੀ ਇੱਕ ਮਹੀਨੇ ਦੀ ਤਨਖ਼ਾਹ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲਾਂ ਦੇ 1800 ਤੋਂ ਵੱਧ ਅਮਲੇ ਨੂੰ ਤਨਖ਼ਾਹ ਦੇਣ ਦਾ ਸਿਲਸਿਲਾ 14 ਨਵੰਬਰ ਤੋਂ ਨਿਰਵਿਘਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਬਾਰੇ ਜਦੋਂ ਸਰਕਾਰ ਵੱਲੋਂ ਸਾਰੇ ਸਕੂਲਾਂ ਦੀ ਛੁੱਟੀ ਦਾ ਐਲਾਨ ਹੋਵੇਗਾ ਤਾਂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੀ ਛੁੱਟੀ ਵੀ ਕਰ ਦਿੱਤੀ ਜਾਵੇਗੀ ਕਿਉਂਕਿ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਦਿੱਲੀ ਕਮੇਟੀ ਨੂੰ ਵਿੱਤੀ ਸੰਕਟ ਹੋਣ ਕਾਰਨ ਸਕੂਲਾਂ ਦੇ ਅਮਲੇ ਨੂੰ ਤਨਖ਼ਾਹ ਸਮੇਂ ਸਿਰ ਦੇਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਤੇ ਕਈ ਸਕੂਲਾਂ ਦੇ ਅਮਲੇ ਨੇ ਹੜਤਾਲ ਤੱਕ ਵੀ ਪਿਛਲੇ ਸਮੇਂ ਵਿੱਚ ਕੀਤੀ ਸੀ।