ਮੁਹੱਬਤ ਦੇ ਰੰਗ ਫ਼ਿਲਮਾਂ ਦੇ ਸੰਗ

19

September

2018

ਅੱਜਕੱਲ੍ਹ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਨੂੰ ਖੋਲ੍ਹਣ ਦੇ ਐਲਾਨ ਦੀ ਚਰਚਾ ਚੱਲ ਰਹੀ ਹੈ। ਕਰਤਾਰਪੁਰ ਸਾਹਿਬ ਚੜ੍ਹਦੇ ਪੰਜਾਬ ਤੋਂ ਲਗਪਗ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਰਾਵੀ ਕੰਢੇ ਸਥਿਤ ਹੈ। ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਨ ਮਨਾਇਆ ਜਾਣਾ ਹੈ। ਪੰਜਾਬੀਆਂ ਦੀ ਦਿਲੀ ਕਾਮਨਾ ਹੈ ਕਿ ਉਹ ਇਸ ਦਿਹਾੜੇ ਗੁਰੂ ਘਰ ਨਾਲ ਜੁੜ ਸਕਣ। ਪਹਿਲਾਂ ਵੀ ਲੋਕ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਹਨ। ਇਸ ਪਿੱਛੇ ਸਿੱਧੇ ਤੌਰ ’ਤੇ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਨਾਲ ਹੀ ਲੋਕਾਂ ਦੇ ਅਵਚੇਤਨ ਵਿੱਚ ਸਾਂਝੀ ਬੋਲੀ ਅਤੇ ਸੱਭਿਆਚਾਰ ਦੇ ਵਿਛੋੜੇ ਦਾ ਦਰਦ ਵੀ ਸਮਾਇਆ ਹੋਇਆ ਹੈ। ਦੋਹਾਂ ਖਿੱਤਿਆਂ ਵਿਚਲੀ ਸਾਂਝ ਕਲਾ, ਸਾਹਿਤ ਤੇ ਫ਼ਿਲਮਾਂ ਰਾਹੀਂ ਪਹਿਲਾਂ ਤੋਂ ਹੀ ਕਾਇਮ ਹੈ ਜੋ ਉਨ੍ਹਾਂ ਨੂੰ ਭਾਵਨਾਤਮਕ ਤੌਰ ’ਤੇ ਜੋਡ਼ਦੀ ਹੈ। ਫ਼ਿਲਮਾਂ ਤੇ ਕਲਾ ਦੇ ਸੰਦਰਭ ਵਿੱਚ ਦੇਖਦੇ ਹਾਂ ਤਾਂ ਇਹ ਵੰਡ ਤੋਂ ਬਾਅਦ ਉਪਜੀ ਪੀੜ ਨੂੰ ਬਿਆਨ ਕਰਦੀਆਂ ਹਨ। ਇਨ੍ਹਾਂ ਫ਼ਿਲਮਾਂ ਦੇ ਨਿਰਮਾਤਾਵਾਂ ਨੇ ਬੰਦੇ ਦੀ ਜੀਵਨ ਜਾਚ ਤੇ ਰਹਿਤਲ ਦੇ ਆਧਾਰ ’ਤੇ ਹਰੇਕ ਪਹਿਲੂ ਪ੍ਰਤੀਕਾਂ ਰਾਹੀਂ ਫ਼ਿਲਮਾਇਆ ਹੈ। ‘ਗਰਮ ਹਵਾ’, ‘ਫਾਇਰ’, ‘ਖਾਮੋਸ਼ ਪਾਣੀ’, ‘ਅਰਥ’, ‘ਤਮਸ’ ਤੇ ‘ਪਿੰਜਰ’ ਆਦਿ ਇਹ ਸਾਰੀਆਂ ਫ਼ਿਲਮਾਂ ਵੰਡ ਦੇ ਦੁੱਖ ਨੂੰ ਕੇਂਦਰ ਵਿੱਚ ਰੱਖਦੀਆਂ ਹਨ। ਵੰਡ ਦਾ ਦੁੱਖ ਬੜਾ ਅਸਾਧਾਰਨ ਦੇ ਅਸਹਿ ਸੀ। ਇਸ ਦੁੱਖ ਦੀ ਪੀੜ ਨੂੰ ਕਲਾਕਾਰਾਂ, ਅਦਾਕਾਰਾਂ ਤੇ ਸਹਿਤਕਾਰਾਂ ਨੇ ਬੜੀ ਸ਼ਿੱਦਤ ਨਾਲ ਮਹਿਸੂਸ ਕਰਕੇ ਸੂਖਮਤਾ ਨਾਲ ਪੇਸ਼ ਕੀਤਾ ਹੈ। ਵੰਡ ਤੋਂ 72 ਸਾਲ ਬੀਤਣ ਦੇ ਬਾਵਜੂਦ ਦੋਨੋਂ ਪੰਜਾਬਾਂ ਦੇ ਲੋਕਾਂ ਅੰਦਰ ਆਪਸੀ ਮੋਹ ਤੇ ਸਨੇਹ ਦੀ ਕੜੀ ਅਜੇ ਵੀ ਕਾਇਮ ਹੈ। ਇਹ ਦੂਰੀਆਂ ਸਿਆਸੀ ਲਹਿਜੇ ਨਾਲ ਤਾਂ ਬਹੁਤ ਜ਼ਿਆਦਾ ਲੱਗਦੀਆਂ ਹਨ, ਪਰ ਲੋਕਾਂ ਦੇ ਦਿਲਾਂ ਅੰਦਰ ਓਨੀਆਂ ਹੀ ਘੱਟ ਹਨ। ਇਸ ਗੱਲ ਦੀ ਨਿਸ਼ਾਨਦੇਹੀ ਇਨ੍ਹਾਂ ਫ਼ਿਲਮਾਂ ਤੋਂ ਕਰ ਸਕਦੇ ਹਾਂ ਜਿਨ੍ਹਾਂ ਵਿੱਚ ‘ਲਾਹੌਰੀਏ’, ‘ਸਰਦਾਰ ਮੁਹੰਮਦ’, ‘ਹੈਪੀ ਭਾਗ ਜਾਏਗੀ’ ਅਤੇ ਹੈਪੀ ਫਿਰ ਭਾਗ ਜਾਏਗੀ’। ਭਾਵੇਂ ਇਹ ਫ਼ਿਲਮਾਂ ਤਕਨੀਕੀ ਤੇ ਸਿਨਮੈਟੋਗ੍ਰਾਫੀ ਪੱਖੋਂ ਖਰੀਆਂ ਨਹੀਂ ਉਤਰਦੀਆਂ, ਪਰ ਵਿਸ਼ੇ ਪੱਖੋਂ ਜੋ ਮਹੱਤਵ ਬਣਦਾ ਹੈ, ਉਸ ਨਾਲ ਇਨ੍ਹਾਂ ਫ਼ਿਲਮਾਂ ਦੀ ਆਪਣੀ ਸਾਰਥਿਕਤਾ ਬਣਦੀ ਹੈ। ‘ਲਾਹੌਰੀਏ’ ਫ਼ਿਲਮ ਪੰਜਾਬ ਦੀਆਂ ਸਰਹੱਦਾਂ ਦੇ ਦੋਨੋਂ ਪਾਸੇ ਰਹਿੰਦੇ ਪ੍ਰੇਮੀ ਜੋੜੇ ਦੀ ਕਥਾ ਹੀ ਬਿਆਨ ਨਹੀਂ ਕਰਦੀ ਸਗੋਂ ਨਾਲ ਹੀ ਫ਼ਿਲਮ ਇਨਸਾਨ ਦੀ ਹੋਂਦ ਦੇ ਮਸਲੇ ਨੂੰ ਵੀ ਉਜਾਗਰ ਕਰਦੀ ਹੈ। ਜਦੋਂ ਨਾਇਕ ਇਹ ਕਹਿੰਦੇ ਹਨ, ‘69 ਸਾਲ ਹੋ ਗਏ ਇੱਧਰ ਆਇਆਂ ਨੂੰ, ਅੱਜ ਵੀ ਲਾਹੌਰੀਏ ਵੱਜਦੇ ਆਂ।’ ‘ਸਰਦਾਰ ਮੁਹੰਮਦ’ ਵਿੱਚ ਵੰਡ ਦੌਰਾਨ ਪਰਿਵਾਰ ਨਾਲੋਂ ਵਿੱਛੜੇ ਮੁਸਲਿਮ ਮੁੰਡੇ ਦਾ ਪਾਲਣ ਪੋਸ਼ਣ ਚੜ੍ਹਦੇ ਪੰਜਾਬ ਦੇ ਸਿੱਖ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ। ਜਵਾਨੀ ਤਕ ਅੱਪੜਦਿਆਂ ਮੁੰਡੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਜਨਮ ਮੁਸਲਿਮ ਪਰਿਵਾਰ ਵਿੱਚ ਹੋਇਆ ਜਾਂ ਸਿੱਖ ਵਿੱਚ। ਜਤਿੰਦਰ ਸਿੰਘ ਸਿੱਖ ਪਰਿਵਾਰ ਉਸ ਮੁੰਡੇ ਨੂੰ ਆਪਣੇ ਪਲੇਠੇ ਪੁੱਤ ਦਾ ਦਰਜਾ ਦਿੰਦਾ ਹੈ। ਇਸ ਤਰ੍ਹਾਂ ਦੀਆਂ ਵੰਡ ਦੌਰਾਨ ਕਈ ਘਟਨਾਵਾਂ ਵਾਪਰੀਆਂ। ਦੋਹਾਂ ਫ਼ਿਲਮਾਂ ਵਿੱਚ ਇੱਕ ਨੁਕਤਾ ਸਾਂਝਾ ਉੱਭਰ ਕੇ ਆਉਂਦਾ ਹੈ ਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਜੋ ਵੰਡ ਦੌਰਾਨ ਉੱਜੜ ਕੇ ਇੱਧਰੋਂ ਉੱਧਰ ਗਏ ਜਾਂ ਉੱਧਰੋਂ ਇੱਧਰ ਆਏ, ਉਹ ਅਜੇ ਵੀ ਆਪਣੀਆਂ ਜੜਾਂ ਨੂੰ ਚੇਤਿਆਂ ਅੰਦਰ ਸਮਾਈ ਬੈਠੇ ਹਨ। ਦੂਜੇ ਪਾਸੇ ਦੋਹਾਂ ਦੇਸ਼ਾਂ ਦੇ ਫ਼ਿਲਮੀ ਅਦਾਕਾਰਾਂ ਦੀ ਸਾਂਝ ‘ਹੈਪੀ ਭਾਗ ਜਾਏਗੀ’ ਤੇ ‘ਹੈਪੀ ਫਿਰ ਭਾਗ ਜਾਏਗੀ’ ਫ਼ਿਲਮਾਂ ਵਿੱਚ ਨਜ਼ਰ ਆਉਂਦੀ ਹੈ। ‘ਹੈਪੀ ਭਾਗ ਜਾਏਗੀ’ ਫ਼ਿਲਮ ਵਿੱਚ ਹੈਪੀ ਜੋ ਫ਼ਿਲਮ ਦੀ ਮੁੱਖ ਨਾਇਕਾ ਹੈ, ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਆਪਣੇ ਪ੍ਰੇਮੀ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਸ ਲਈ ਉਹ ਘਰੋਂ ਭੱਜ ਜਾਂਦੀ ਹੈ। ਹੈਪੀ ਅੰਮ੍ਰਿਤਸਰ ਤੋਂ ਭੱਜ ਕੇ ਲਾਹੌਰ ਪਹੁੰਚ ਜਾਂਦੀ ਹੈ। ਇੱਥੇ ਲਾਹੌਰ ਇੱਕ ਕੇਂਦਰੀ ਚਿੰਨ੍ਹ ਹੈ ਜੋ ਸਮੁੱਚੀ ਪੰਜਾਬੀ ਮਾਨਸਿਕਤਾ ਵਿੱਚ ਵਸਿਆ ਹੋਇਆ ਹੈ। ਅਗਲੀ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਵਿੱਚ ਦੋਹਾਂ ਦੇਸ਼ਾਂ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿੱਚ ਤੀਸਰੇ ਦੇਸ਼ ਆਪਣੇ ਮੁਨਾਫ਼ੇ ਲਈ ਕਿਸ ਤਰ੍ਹਾਂ ਦੀਆਂ ਚਾਲਾਂ ਚੱਲਦੇ ਹਨ, ਉਸ ਨੂੰ ਬੜੇ ਰੌਚਕ ਢੰਗ ਨਾਲ ਫ਼ਿਲਮਾਇਆ ਗਿਆ ਹੈ। ਇਹ ਫ਼ਿਲਮਾਂ ਵੰਡ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਮੋਹ ਤੇ ਪਿਆਰ ਦੀ ਹਾਮੀ ਭਰਦੀਆਂ ਹਨ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਜੇ ਵਿਵਹਾਰਕ ਹੋ ਨਿੱਬੜਦੀ ਹੈ ਤਾਂ ਦੋਹਾਂ ਖਿੱਤਿਆਂ ਦੇ ਲੋਕਾਂ ਦੀ ਆਪਸੀ ਸਾਂਝ ਨੂੰ ਮੁਹੱਬਤ ਦਾ ਬੂਰ ਪਾਉਣ ਵਾਲੀ ਗੱਲ ਹੋਵੇਗੀ।