ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ

14

November

2018

ਨਵੀਂ ਦਿੱਲੀ, ਦਿੱਲੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਕਮੇਟੀ ਦੇ ਆਗੂਆਂ ਨੇ ਅੱਜ ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਮੌਕੇ ਰਣਜੀਤ ਫਲਾਈਓਵਰ ਦੇ ਨੇੜੇ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ‘ਤੇ ਫੁੱਲਾਂ ਦੀ ਵਰਖਾ ਕੀਤੀ। ਮਨਜੀਤ ਸਿੰਘ ਜੀਕੇ ਨੇ ਇਤਿਹਾਸਕਾਰਾਂ ਦੀ ਸੌੜੀ ਸੋਚ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਧਰਮ ਨਿਰਪੱਖ ਹੋਣ ਦੇ ਨਾਲ ਹੀ ਸਿਆਸੀ ਅਤੇ ਕੂਟਨੀਤਕ ਤੌਰ ’ਤੇ ਪਰਪੱਕ ਰਾਜ ਸੀ। ਉਨ੍ਹਾਂ ‘ਰਾਜ ਕਰੇਗਾ ਖ਼ਾਲਸਾ’ ਦੇ ਸਿਧਾਂਤ ਨੂੰ ਅਪਣਾਉਂਦਿਆਂ ਪੰਜਾਬ, ਕਸ਼ਮੀਰ, ਕਾਂਗੜਾ, ਲੱਦਾਖ, ਕਾਬੁਲ ਅਤੇ ਚੀਨ ਦੇ ਕਾਫੀ ਵੱਡੇ ਹਿੱਸੇ ‘ਤੇ ਦਲੇਰੀ ਸਦਕਾ ਰਾਜ ਕੀਤਾ। ਮਹਾਰਾਜਾ ਨੇ ਜਿੱਥੇ ਦਰਬਾਰ ਸਾਹਿਬ ਵਿਖੇ ਸੋਨਾ ਚੜ੍ਹਾਇਆ, ਉੱਥੇ ਹੀ ਸ਼ਿਵ ਮੰਦਰ ਬਨਾਰਸ ਅਤੇ ਸੁਨਹਿਰੀ ਮਸੀਤ ਲਾਹੌਰ ਵਿਖੇ ਵੀ ਬਰਾਬਰ ਸੋਨਾ ਲਗਵਾਇਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਧਾਰਮਿਕ ਤੌਰ ’ਤੇ ਵਿਤਕਰੇ ਦੀ ਕੋਈ ਮਿਸਾਲ ਨਹੀਂ ਮਿਲਦੀ। ਅੰਗਰੇਜ਼ ਜਿੱਥੇ ਪੂਰੇ ਹਿੰਦੂਸਤਾਨ ‘ਤੇ 200 ਸਾਲ ਤਕ ਹਕੂਮਤ ਕਰਨ ਵਿੱਚ ਕਾਮਯਾਬ ਰਹੇ ਪਰ ਉੱਥੇ ਹੀ ਪੰਜਾਬ ਆਪਣੇ ਬਹਾਦਰ ਸੂਰਮਿਆਂ ਕਾਰਨ ਸਿਰਫ਼ 90 ਸਾਲ ਹੀ ਗੁਲਾਮ ਰਿਹਾ। ਇਸ ਕਰਕੇ ਧਰਮ ਨਿਰਪੱਖ, ਬਹਾਦਰ ਤੇ ਦੂਰਅੰਦੇਸ਼ੀ ਭਰਪੂਰ ਸੋਚ ਦੇ ਮਾਲਕ ਬਾਦਸ਼ਾਹ ਦੇ ਇਤਿਹਾਸ ਨੂੰ ਸਕੂਲੀ ਕਿਤਾਬਾਂ ਦਾ ਹਿੱਸਾ ਬਣਾਉਣਾ ਲੋੜੀਂਦਾ ਹੈ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਤ੍ਰਲੋਚਨ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ।