ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਘੇਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

14

November

2018

ਮਾਲੇਰਕੋਟਲਾ, ਸ਼ਹਿਰ ਵਿੱਚ ਰੋਸ ਮਾਰਚ ਮਗਰੋਂ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ਨੇੜੇ ਪਹੁੰਚੇ ਸਾਂਝਾ ਅਧਿਆਪਕ ਮੋਰਚਾ ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਮੈਂਬਰਾਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ ਹੋਈ। ਇਹ ਅਧਿਆਪਕ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਕੋਠੀ ਤੱਕ ਪਹੁੰਚਣ ਲਈ ਅੜੇ ਹੋਏ ਸਨ ਪਰ ਪੁਲੀਸ ਨੇ ਅਧਿਆਪਕਾਂ ਨੂੰ ਬੈਰੀਕੇਡ ਲਾ ਕੇ ਲਿਆ। ਅਖ਼ੀਰ ਬੈਰੀਕੇਡ ਕੋਲ ਪੁੱਜੇ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਪੀ.ਏ. ਦਰਬਾਰਾ ਸਿੰਘ ਨੂੰ ਅਧਿਆਪਕਾਂ ਨੇ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਮੈਂਬਰ ਇੱਥ ਸਰਕਾਰੀ ਕਾਲਜ ਵਿੱਚ ਇਕੱਤਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕ ਆਗੂ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਨੂੰ ਰੁਜ਼ਗਾਰ, ਸਿਖਿਆ ਤੇ ਸਿਹਤ ਸੇਵਾਵਾਂ ਵਰਗੀਆਂ ਬੁਨਿਆਦੀ ਸੇਵਾਵਾਂ ਮੁਹੱਈਆ ਕਰਵਾਉਣ ਤੋਂ ਭੱਜ ਰਹੀਆਂ ਹਨ। ਲੋਕਾਂ ਦੀ ਜਥੇਬੰਦਕ ਤਾਕਤ, ਏਕਾ ਅਤੇ ਸਾਂਝਾ ਸੰਘਰਸ਼ ਹੀ ਸਰਕਾਰਾਂ ਨੂੰ ਅਜਿਹਾ ਕਰਨ ਤੋਂ ਰੋਕ ਸਕਦਾ ਹੈ। ਅਧਿਆਪਕ ਆਗੂ ਨੇ ਕਿਹਾ ਕਿ ਸੰਘਰਸ਼ ਬਗੈਰ ਕੁਝ ਵੀ ਹਾਸਲ ਨਹੀਂ ਹੁੰਦਾ, ਇਸ ਲਈ ਅਧਿਆਪਕਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ’ਚ ਕੁੱਦਣਾ ਚਾਹੀਦਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸਰਬਜੀਤ ਸਿੰਘ ਭੁਰਥਲਾ ਨੇ ਕਿਹਾ ਕਿ ਇਹ ਸੰਘਰਸ਼ ਇਕੱਲੇ ਅਧਿਆਪਕਾਂ ਦਾ ਹੀ ਨਹੀਂ ਸਗੋਂ ਹਰ ਪੰਜਾਬ ਵਾਸੀ ਹੈ। ਜੇਕਰ ਅਧਿਆਪਕ ਨੂੰ ਪੂਰੀ ਤਨਖ਼ਾਹ ਹੀ ਨਹੀਂ ਦਿੱਤੀ ਜਾਵੇਗੀ ਤਾਂ ਉਹ ਆਪਣੇ ਕਿੱਤੇ ਨੂੰ ਕਿਵੇਂ ਨਿਭਾ ਸਕਣਗੇ ਤੇ ਕਿਵੇਂ ਆਪਣਾ ਗੁਜ਼ਾਰਾ ਚਲਾ ਸਕਣਗੇ। ਅਵਤਾਰ ਸਿੰਘ ਢਡੋਗਲ ਨੇ ਕਿਹਾ ਕਿ ਸਰਕਾਰ, ਸਰਕਾਰੀ ਸਕੂਲਾਂ ਦਾ ਨਿੱਜੀਕਰਨ ਦੇ ਰਾਹ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਤਨਖ਼ਾਹਾਂ ਵਿਚ ਕਟੌਤੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਸੰਘਰਸ਼ ਦੌਰਾਨ ਦਰਜ ਕੀਤੇ ਕੇਸ, ਬਦਲੀਆਂ, ਮੁਅੱਤਲੀਆਂ, ਟਰਮੀਨੇਸ਼ਨਾਂ, ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ, ਪੰਜਾਬ ਦੀ ਜਨਤਕ ਸਿੱਖਿਆ ਅਤੇ ਸਕੂਲਾਂ ਦੇ ਵਿਦਿਅਕ ਮਾਹੌਲ ਨੂੰ ਤਬਾਹ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਬਦਲਿਆ ਜਾਵੇ।