ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਸੂਬਾ ਪੱਧਰੀ ਰੈਲੀ

14

November

2018

ਪਟਿਆਲਾ, ਆਪਣੀ ਰੈਗੂਲਰ ਤਨਖਾਹ ਦੀ ਪ੍ਰਾਪਤੀ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾਈ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਪੰਜਾਬ ਦੀਆਂ ਸੈਕੜੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਅੱਜ ਇਥੇ ਨਹਿਰੂ ਪਾਰਕ ਵਿੱਚ ਰੋਸ ਰੈਲੀ ਕੀਤੀ। ਇਸ ਮਗਰੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਵੱਲ ਰੋਸ ਮਾਰਚ ਵੀ ਕੀਤਾ ਪਰ ਅਧਿਕਾਰੀਆਂ ਵੱਲੋਂ ਮੀਟਿੰਗ ਮੁਕੱਰਰ ਕਰਵਾਉਣ ਦੇ ਭਰੋਸੇ ਤਹਿਤ ਉਨ੍ਹਾਂ ਸ਼ੇਰਾਂ ਵਾਲਾ ਗੇਟ ’ਤੇ ਧਰਨਾ ਵੀ ਮਾਰ ਲਿਆ। ਅਧਿਕਾਰੀਆਂ ਵੱਲੋਂ ਹਫ਼ਤੇ ਬਾਅਦ ਕਰਵਾਉਣ ਦੀ ਗੱਲ ਆਖਣ ’ਤੇ ਮੁਜ਼ਾਹਰਾਕਾਰੀ ਵਰਕਰਾਂ ਨੇ ਰਾਤ ਇਥੇ ਹੀ ਬਿਤਾਉਣ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਮੁੜ ਕੀਤੀ ਗੱਲਬਾਤ ਦੌਰਾਨ ਸਿਹਤ ਮੰਤਰੀ ਨਾਲ 14 ਨਵੰਬਰ ਦੀ ਮੀਟਿੰਗ ਮੁਕੱਰਰ ਕਰਵਾਈ ਗਈ। ਇਸ ਉਪਰੰਤ ਹੀ ਧਰਨਾ ਸਮਾਪਤ ਕੀਤਾ ਗਿਆ। ਯੂਨੀਅਨ ਆਗੂ ਪਰਮਜੀਤ ਕੌਰ ਮਾਨ, ਡੀਐੱਮਐਫ਼ ਦੇ ਆਗੂ ਵਿਕਰਮਦੇਵ ਸਿੰਘ, ਪ੍ਰਕਾਸ਼ ਸਿੰਘ ਥੋਥੀਆਂ ਅਤੇ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਵੱਧ ਅਧਿਕਾਰ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਕਿਰਤ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ, ਇਨ੍ਹਾਂ ਮਹਿਲਾ ਵਰਕਰਾਂ ਨੂੰ ਨਿਗੂਣੀ ਰਾਸ਼ੀ ਦੇ ਕੇ ਸੋਸ਼ਣ ਕਰ ਰਹੀ ਹੈ। ਰੈਲੀ ਨੂੰ ਡੀਐੱਮਐੱਫ ਆਗੂ ਹਰਿੰਦਰ ਦੁਸਾਂਝ, ਸ਼ਿੰਦਰ ਕੌਰ ਬਠਿੰਡਾ, ਕਰਮਜੀਤ ਕੌਰ ਮੁਕਤਸਰ, ਸਰੰਜਨਾ ਬਠਿੰਡਾ, ਰਜਨੀ ਘਰੋਟਾ, ਮਨਦੀਪ ਕੌਰ ਸੰਧੂ ਤੇ ਰਣਜੀਤ ਕੌਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦੇ ਕਾਨੂੰਨ ਹੇਠ ਲਿਆ ਕੇ 8858 ਰੁਪਏ ਮਹੀਨਾ ਤੇ ਅਤੇ ਫੈਸਿਲੀਟੇਟਰਾਂ ਨੂੰ ਆਂਗਨਵਾੜੀ ਸੁਪਰਵਾਈਜ਼ਰਾਂ ਦਾ ਸਕੇਲ ਦਿੱਤੇ ਜਾਣ, ਪੱਕਾ ਕਰਨ, 2 ਲੱਖ ਦਾ ਮੁਫ਼ਤ ਬੀਮਾ ਕਰਨ, ਵਰਦੀ ਅਤੇ ਧੁਲਾਈ ਭੱਤਾ ਦੇਣ, ਹਟਾਈਆਂ ਵਰਕਰਾਂ ਦੀ ਬਹਾਲੀ, ਪ੍ਰਾਵੀਡੈਂਟ ਫੰਡ ਕੱਟਣ, ਅਚਨਚੇਤੀ, ਮੈਡੀਕਲ ਤੇ ਛੇ ਮਹੀਨੇ ਦੀ ਪ੍ਰਸੂਤੀ ਛੁੱਟੀ ਯਕੀਨੀ ਬਣਾਓਣ, ਵਰਕਰ ਦੀ ਮੌਤ ਮਗਰੋਂ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ, ਏਐੱਨਐੱਮ ਕੋਰਸ ਦੇ ਕੋਟੇ ਦੀਆਂ ਸ਼ਰਤਾਂ ਰੱਦ ਕਰਕੇ 5 ਸਾਲ ਦੇ ਤਜਰਬੇ ਵਾਲੀਆਂ ਵਰਕਰਾਂ ਨੂੰ ਕੋਰਸ ਕਰਵਾਉਣ ਅਤੇ ਕੋਟਾ 25 ਫੀਸਦੀ ਕਰਨ ਦੀ ਮੰਗ ਵੀ ਕੀਤੀ। ਜਥੇਬੰਦੀ ਨੇ ਪਟਿਆਲਾ ’ਚ ਜਾਰੀ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਵੀ ਕੀਤਾ।