ਭੱਟੀ ਦੀ ਕੋਠੀ ਘੇਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

14

November

2018

ਬਠਿੰਡਾ, 13 ਨਵੰਬਰ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਰੇਸ਼ਮ ਸਿੰਘ ਜੰਡਾਵਾਲਾ ਤੇ ਜਗਸੀਰ ਸਿੰਘ ਸਹੋਤਾ ਦੀ ਅਗਵਾਈ ਹੇਠ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਇੱਥੇ ਮਾਡਲ ਟਾਊਨ ਸਥਿਤ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੇ ‘ਦਾਦੀ ਪੋਤੀ’ ਪਾਰਕ ਅੱਗੇ ਬੈਰੀਕੇਡਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋਈ। ਇਸ ਦੌਰਾਨ ਪੁਲੀਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਜਾਣਕਾਰੀ ਅਨੁਸਾਰ ਸਾਂਝੇ ਅਧਿਆਪਕ ਮੋਰਚੇ ਨੇ ਅੱਜ ਭਰਾਤਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ਹੱਲਾ ਬੋਲ’ ਮਾਰਚ ਕੀਤਾ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਘਰ ਦਾ ਘਿਰਾਓ ਕੀਤਾ। ਅੱਜ ਅਧਿਆਪਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੇ ‘ਦਾਦੀ ਪੋਤੀ’ ਪਾਰਕ ਅੱਗੇ ਕੀਤੀ ਬੈਰੀਕੇਡਿੰਗ ਤੋੜ ਕੇ ਅੱਗ ਵਧਣ ਦੀ ਕੋਸ਼ਿਸ ਕੀਤੀ ਤਾਂ ਪੁਲੀਸ ਤੇ ਅਧਿਆਪਕਾਂ ਵਿਚਾਲੇ ਧੱਕਾ-ਮੁੱਕੀ ਹੋਈ ਤੇ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ, ਜਿਸ ਦੌਰਾਨ ਅਧਿਆਪਕਾਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਵਰਕਰਾਂ ਦੀਆਂ ਪੱਗਾਂ ਲੱਥ ਗਈਆਂ। ਇਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਮਹਿਲਾ ਅਧਿਆਪਕਾਂ ਨੇ ਸ਼ਿਰਕਤ ਕੀਤੀ। ਅਧਿਆਪਕ, ਸ੍ਰੀ ਭੱਟੀ ਦੀ ਕੋਠੀ ਦਾ ਘਿਰਾਓ ਕਰਨ ਵਿਚ ਸਫ਼ਲ ਰਹੇ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਜੰਡਾਵਾਲਾ ਤੇ ਜਸਵਿੰਦਰ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਨੂੰ ਜਗਾਉਣ ਲਈ ਅੱਜ ਡਿਪਟੀ ਸਪੀਕਰ ਦੇ ਘਰ ਦਾ ਘਿਰਾਓ ਕੀਤਾ ਹੈ। ਉਨ੍ਹਾਂ ਕਿਹਾ ਕਿ 18 ਨਵੰਬਰ ਨੂੰ ਪੰਜਾਬ ਪੱਧਰ ਦਾ ਇੱਕਠ ਕਰ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਭਲਕੇ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ।