ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕਾਰਨ ਚਾਰ ਜ਼ਖ਼ਮੀ

14

November

2018

ਮਾਨਸਾ, ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਸੋਮਵਾਰ ਰਾਤ ਅਣਪਛਾਤਿਆਂ ਨੇ ਇੱਕ ਘਰ ਵਿਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ’ਚ ਇਲਾਜ ਅਧੀਨ ਪ੍ਰੇਮ ਚੰਦ, ਜੋ ਕਿ ਆਰਐੱਮਪੀ ਵਜੋਂ ਕਈ ਸਾਲਾਂ ਤੋਂ ਗਊਸ਼ਾਲਾ ਰੋਡ ’ਤੇ ਪ੍ਰੈਕਟਿਸ ਕਰਦੇ ਆ ਰਹੇ ਹਨ, ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ ਸਾਢੇ 9 ਵਜੇ ਅਰੋੜਾ ਮੁਹੱਲੇ ’ਚ ਸਥਿਤ ਉਨ੍ਹਾਂ ਦੇ ਘਰ ਦਾ ਕਿਸੇ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ’ਤੇ ਤਿੰਨ ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਜਬਰੀ ਦਾਖ਼ਲ ਹੋ ਗਏ ਤੇ ਮੌਕੇ ਉੱਤੇ ਮੌਜੂਦ ਡਾ. ਪ੍ਰੇਮ ਚੰਦ, ਉਨ੍ਹਾਂ ਦੇ ਪੋਤਰੇ ਮਿੰਟੂ ਅਰੋੜਾ, ਟੋਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸੋਨੂੰ ਦੀ ਕੁੱਟਮਾਰ ਕੀਤੀ। ਇਸੇ ਦੌਰਾਨ ਰੌਲਾ ਪੈਣ ’ਤੇ ਲੋਕ ਇਕੱਤਰ ਹੋ ਗਏ ਤੇ ਉਹ ਫ਼ਰਾਰ ਹੋ ਗਏ। ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਹਮਲਾਵਰ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਆਏ ਸਨ। ਤਿੰਨ ਨੌਜਵਾਨ ਘਰ ਅੰਦਰ ਦਾਖ਼ਲ ਹੋਏ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਫੁਟੇਜ ਵਿਚ ਪੰਜ ਨੌਜਵਾਨ ਨਜ਼ਰ ਆ ਰਹੇ ਹਨ। ਹਮਲਾਵਰਾਂ ਵਿਚੋਂ ਇੱਕ ਨੌਜਵਾਨ ਦਾ ਮੋਬਾਈਲ ਘਟਨਾ ਸਥਾਨ ’ਤੇ ਡਿੱਗ ਗਿਆ, ਜਿਸ ਨੂੰ ਬਾਅਦ ਵਿਚ ਪੁਲੀਸ ਹਵਾਲੇ ਕਰ ਦਿੱਤਾ ਗਿਆ। ਪ੍ਰੇਮ ਚੰਦ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਅਜੇ ਫਿੱਟ ਨਾ ਹੋਣ ਕਰਕੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।