ਚੋਣਾਂ ਨੇੜੇ ਦੇਖ ਚੰਡੀਗੜ੍ਹ ਦੀ ਸਿਆਸੀ ਫਿਜ਼ਾ ਬਦਲਣ ਲੱਗੀ

14

November

2018

ਚੰਡੀਗੜ੍ਹ, ਚੰਡੀਗੜ੍ਹ ਦੇ ਸਿਆਸੀ ਅਖਾੜੇ ’ਚ ਇਸ ਵਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਦਲਬਦਲੀਆਂ ਹੋਣ ਦੇ ਅਸਾਰ ਬਣ ਗਏ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਆਮ ਆਦਮੀ ਪਾਰਟੀ (ਆਪ) ਦੇ ਝਾੜੂ ਨਾਲ ਕਾਂਗਰਸ ਅਤੇ ਭਾਜਪਾ ਵਿਚਲੀ ਫੁੱਟ ਦਾ ਲਾਭ ਉਠਾ ਕੇ ਦੋਵਾਂ ਪਾਰਟੀਆਂ ਦਾ ਸਫਾਇਆ ਕਰਨ ਦੀ ਤਾਕ ਵਿੱਚ ਹਨ ਅਤੇ ਦੂਸਰੇ ਪਾਸੇ ਚੰਡੀਗੜ੍ਹ ਦੀ ਆਵਾਜ਼ ਦੇ ਥੜ੍ਹੇ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਅਵਿਨਾਸ਼ ਸਿੰਘ ਸ਼ਰਮਾ ਪਰਵਾਸੀ ਕਲੋਨੀਆਂ ਵਿੱਚ ਕਾਂਗਰਸ ਅਤੇ ਭਾਜਪਾ ਦੇ ਸਿਆਸੀ ਪੈਰ ਉਖੇੜਣ ਦਾ ਹਰ ਹੀਲਾ ਵਰਤ ਰਹੇ ਹਨ। ਸ੍ਰੀ ਧਵਨ ਜਿੱਥੇ ਪਹਿਲਾਂ ਹੀ ਆਪਣਾ ਮੰਚ ਬਣਾ ਕੇ ਭਾਜਪਾ ਦੇ ਸੀਨੀਅਰ ਆਗੂ ਜੁਝਾਰ ਸਿੰਘ ਬਡਹੇੜੀ ਸਮੇਤ ਹੋਰ ਕਈ ਆਗੂਆਂ ਨੂੰ ਆਪਣੇ ਨਾਲ ਜੋੜ ਕੇ ਭਾਜਪਾ ਨੂੰ ਸੰਨ੍ਹ ਲਾ ਚੁੱਕੇ ਹਨ ਉਥੇ ਹੁਣ ਉਹ ‘ਆਪ’ ਦੇ ਮੰਚ ਤੋਂ ਭਾਜਪਾ ਸਮੇਤ ਕਾਂਗਰਸ ਦੀ ਫੁੱਟ ਦਾ ਲਾਭ ਉਠਾਉਣ ਲਈ ਵੀ ਨੀਤੀ ਘੜ੍ਹ ਰਹੇ ਹਨ। ਦੱਸਣਯੋਗ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਵਿਚਕਾਰ ਲੰਮੇਂ ਸਮੇਂ ਤੋਂ ਖੁੱਲ੍ਹੀ ਸਿਆਸੀ ਲੜਾਈ ਚੱਲ ਰਹੀ ਹੈ। ਇਸੇ ਤਰਜ ’ਤੇ ਹੀ ਨਗਰ ਨਿਗਮ ਵਿਚ ਸ੍ਰੀ ਟੰਡਨ ਅਤੇ ਕਿਰਨ ਖੇਰ-ਸਤਪਾਲ ਜੈਨ ਧੜਿਆਂ ਵਿਚਕਾਰ ਪਾਰਟੀ ਦੇ ਕੌਸਲਰਾਂ ਦੀ ਕਤਾਰਬੰਦੀ ਹੋਈ ਪਈ ਹੈ। ਹੁਣ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਕਿਰਨ ਖੇਰ ਮੁੜ ਭਾਜਪਾ ਤੋਂ ਟਿਕਟ ਹਾਸਲ ਕਰਨ ਦੇ ਯਤਨਾਂ ਵਿੱਚ ਹੈ ਉਥੇ ਹੀ ਸ੍ਰੀ ਟੰਡਨ ਵੱਲੋਂ ਵੀ ਟਿਕਟ ਲਈ ਆਪਣਾ ਦਾਅਵਾ ਠੋਕਿਆ ਜਾ ਰਿਹਾ ਹੈ। ਸ੍ਰੀ ਧਵਨ ਭਾਜਪਾ ਵਿੱਚ ਲੰਮਾਂ ਸਮਾਂ ਰਹੇ ਹਨ ਤੇ ਉਨ੍ਹਾਂ ਨਾਲ ਕਈ ਭਾਜਪਾਈ ਨਿੱਜੀ ਤੌਰ ’ਤੇ ਜੁੜੇ ਹਨ। ਇਸ ਤੋਂ ਇਲਾਵਾ ਭਾਜਪਾ ਦੀ ਜਿਹੜੀ ਵੀ ਧਿਰ ਨੂੰ ਟਿਕਟ ਨਾ ਮਿਲੀ ਉਸ ਧੜੇ ਦੇ ਆਗੂ ਸ੍ਰੀ ਧਵਨ ਨਾਲ ਜੁੜ ਸਕਦੇ ਹਨ। ਉੱਧਰ ਚੰਡੀਗੜ੍ਹ ਕਾਂਗਰਸ ਦੇਖਣ ਨੂੰ ਭਾਵੇਂ ਇਕਜੁੱਟ ਜਾਪਦੀ ਹੈ ਪਰ ਇਸ ਦੇ ਅੰਦਰ ਵੀ ਕਈ ਤਰ੍ਹਾਂ ਦੀ ਸਿਆਸੀ ਖਿਚਧੂਹ ਚੱਲਣ ਦੀਆਂ ਕਨਸੋਆਂ ਮਿਲੀਆਂ ਹਨ। ਪਿਛਲੇ ਦਿਨੀਂ ਹੀ ਕਾਂਗਰਸ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਪਵਨ ਸ਼ਰਮਾ ਨੇ ਪਿੰਡਾਂ ਦੇ ਮੁੱਦੇ ’ਤੇ ਆਪਣੇ ਪੱਧਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਤੇਵਰ ਦਿਖਾ ਦਿੱਤੇ ਹਨ। ਦੂਸਰੇ ਪਾਸੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਇਸ ਵਾਰ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਦੀ ਟਿਕਟ ਕਟਵਾ ਕੇ ਖੁਦ ਟਿਕਟ ਲੈਣ ਲਈ ਯਤਨਸ਼ੀਲ ਹਨ। ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਆਪਣੇ ਖੇਮੇ ਦੇ ਆਗੂਆਂ ਸਾਬਕਾ ਕੌਂਸਲਰ ਤੇ ਪਾਰਟੀ ਵਿੱਚੋਂ ਬਰਖਾਸਤ ਕੀਤੇ ਚੰਦਰਮੁਖੀ ਸ਼ਰਮਾ, ਪ੍ਰਿੰਸੀਪਲ ਗੁਰਬਚਨ ਸਿੰਘ ਆਦਿ ਸਮੇਤ ਚੰਡੀਗੜ੍ਹ ਵਿੱਚ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਬਸਪਾ ਚੰਡੀਗੜ੍ਹ ਦੇ ਸਾਬਕਾ ਮੁਖੀ ਅਨਵਰ ਉੱਲ ਹੱਕ ਨੂੰ ਵੀ ਆਪਣੇ ਨਾਲ ਜੋੜ ਲਿਆ ਹੈ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਤੇ ਸ੍ਰੀ ਬਾਂਸਲ ਤੋਂ ਨਾਰਾਜ਼ ਕਾਂਗਰਸੀਆਂ ਦੀ ਪਛਾਣ ਕਰਕੇ ਉਨ੍ਹਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਭਾਵੇਂ ਭਾਜਪਾ ਦੀ ਸਥਾਨਕ ਇਕਾਈ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦਾ ਵਿਰੋਧ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਅਕਾਲੀ ਦਲ ਚੰਡੀਗੜ੍ਹ ਦੇ ਯੂਨਿਟ ਵੱਲੋਂ ਪਹਿਲਾਂ ਵਾਂਗ ਹੀ ਇਸੇ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਦੇ ਅਸਾਰ ਹਨ। ਇਸ ਵਾਰ ਪਿੰਡਾਂ ਦੇ ਲੋਕ ਲਾਲ ਡੋਰੇ ਦਾ ਮੁੱਦੇ ਲਟਕਣ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਮਸਲੇ ਹੱਲ ਨਾ ਹੋਣ, ਯੂਟੀ ਦੇ ਮੁਲਾਜ਼ਮਾਂ ਨੂੰ ਡਰਾਅ ਕੱਢਣ ਦੇ ਬਾਵਜੂਦ ਫਲੈਟ ਅਲਾਟ ਨਾ ਕਰਨ ਤੇ ਮੁਲਾਜ਼ਮਾਂ ਦੇ ਹੋਰ ਮਸਲਿਆਂ ਦਾ ਵੀ ਹੱਲ ਨਾ ਨਿਕਲਣ, ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਥੋਂ ਦੇ 11 ਲੱਖ ਲੋਕਾਂ ਦੀ ਮਾਂ ਬੋਲੀ ਨਾਲ ਧਰੋਹ ਕਮਾ ਕੇ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਬਣਾਉਣ, ਵਪਾਰੀਆਂ ਦੇ ਕਈ ਮਸਲੇ ਹੱਲ ਨਾ ਹੋਣ, ਟਰੈਫਿਕ ਅਤੇ ਪਾਰਕਿੰਗ ਦੀ ਸਥਿਤੀ ਬੇਕਾਬੂ ਹੋਣ ਆਦਿ ਕਾਰਨ ਪ੍ਰੇਸ਼ਾਨ ਜਾਪਦੇ ਹਨ। ਲੋਕਾਂ ਦੇ ਇਸ ਰੋਸ ਦਾ ਲਾਭ ਵੀ ਸ੍ਰੀ ਧਵਨ ਉਠਾ ਸਕਦੇ ਹਨ।