ਬੀਨੂੰ ਢਿੱਲੋਂ ਦੀ ਬੌਲੀਵੁੱਡ ਵਿੱਚ ਦਸਤਕ

19

September

2018

ਪੌਲੀਵੁੱਡ ਵਿੱਚ ਕਈ ਅਜਿਹੇ ਕਾਮੇਡੀ ਕਲਾਕਾਰ ਹਨ ਜੋ ਆਪਣੀ ਵਧੀਆ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੰਦੇ ਹਨ। ਅਜਿਹਾ ਹੀ ਇੱਕ ਕਾਮੇਡੀਅਨ ਹੈ ਬੀਨੂੰ ਢਿੱਲੋਂ। ਅੱਜ ਉਸਨੂੰ ਇੱਕ ਚੰਗੇ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ। ਕਈ ਪੰਜਾਬੀ ਫ਼ਿਲਮਾਂ ਵਿੱਚ ਕਾਮੇਡੀ ਦਾ ਰਸ ਘੋਲਣ ਵਾਲਾ ਬੀਨੂੰ ਅੱਜ ਨਾਮੀਂ ਕਾਮੇਡੀ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਉਸਨੇ ਥੋੜ੍ਹੇ ਸਮੇਂ ਵਿੱਚ ਹੀ ਪੰਜਾਬੀ ਸਿਨਮਾ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਦੂਰਦਰਸ਼ਨ ਤੋਂ ਟੀਵੀ ਲੜੀਵਾਰਾਂ ਨਾਲ ਸ਼ੁਰੂਆਤ ਕਰਨ ਵਾਲੇ ਬੀਨੂੰ ਨੇ ਪੰਜਾਬੀ ਫ਼ਿਲਮਾਂ ਅੰਦਰ ਜਦੋਂ ਪੈਰ ਧਰਿਆ ਤਾਂ ਦਰਸ਼ਕਾਂ ਨੂੰ ਉਸਤੋਂ ਕਾਫ਼ੀ ਉਮੀਦਾਂ ਪੈਦਾ ਹੋ ਗਈਆਂ, ਜਿਨ੍ਹਾਂ ਨੂੰ ਉਸਨੇ ਜਲਦੀ ਹੀ ਪੂਰਾ ਕਰ ਦਿੱਤਾ। ਅੱਜ ਉਹ ਅਕਸਰ ਹਰ ਪੰਜਾਬੀ ਫ਼ਿਲਮ ਦਾ ਸ਼ਿੰਗਾਰ ਹੁੰਦਾ ਹੈ। ਪੌਲੀਵੁੱਡ ਵਿੱਚ ਉਸਨੇ ‘ਵੇਖ ਬਰਾਤਾਂ ਚੱਲੀਆਂ’, ‘ਵਧਾਈਆਂ ਜੀ ਵਧਾਈਆਂ’ ਤੇ ‘ਬਾਈਲਾਰਸ’ ’ਚ ਬਤੌਰ ਹੀਰੋ ਤੇ ਹੋਰਨਾਂ ਫ਼ਿਲਮਾਂ ਅੰਦਰ ਕਾਮੇਡੀਅਨ ਵਜੋਂ ਪੇਸ਼ ਹੋ ਕੇ ਵਾਹ-ਵਾਹ ਖੱਟੀ ਹੈ। ਉਸਦੀ ਸਫਲਤਾ ਇੱਥੋਂ ਤਕ ਹੀ ਸੀਮਤ ਨਹੀਂ। ਇਸ ਵਾਰ ਉਸਨੇ ਆਪਣੀ ਕਾਬਲੀਅਤ ਨਾਲ ਬੌਲੀਵੁੱਡ ਵਿੱਚ ਵੀ ਦਸਤਕ ਦੇ ਦਿੱਤੀ ਹੈ। ਹਾਲੀਆ ਰਿਲੀਜ਼ ਹਿੰਦੀ ਫ਼ਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਉਸਨੇ ਕਾਮੇਡੀਅਨ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਵਿੱਚ ਉਹ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਨਜ਼ਰ ਆਇਆ ਹੈ। ਸਾਲ 1975 ਵਿੱਚ ਧਰਮਿੰਦਰ ਦੀ ਆਈ ਫ਼ਿਲਮ ‘ਪ੍ਰਤਿੱਗਿਆ’ ਦੇ ਹਿੱਟ ਰਹੇ ਗੀਤ ‘ਮੈਂ ਜੱਟ ਯਮਲਾ ਪਗਲਾ ਦੀਵਾਨਾ’ ਦੇ ਸਿਰਲੇਖ ਹੇਠ ਬਣੀ ਇਸ ਫ਼ਿਲਮ ਨੂੰ ਨਵਨੀਅਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ‘ਯਮਲਾ ਪਗਲਾ ਦੀਵਾਨਾ’ ਅਤੇ ‘ਯਮਲਾ ਪਗਲਾ ਦੀਵਾਨਾ-2’ ਵੀ ਬਣ ਚੁੱਕੀ ਹੈ, ਪਰ ਇਸ ਵਾਰ ਫ਼ਿਲਮ ਵਿੱਚ ਜ਼ਿਆਦਾ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਬੀਨੂੰ ਢਿੱਲੋਂ ਨੂੰ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ਦੀ ਸਫਲਤਾ ਨੇ ਦਰਸਾ ਦਿੱਤਾ ਹੈ ਕਿ ਪੰਜਾਬ ਤੋਂ ਬਾਹਰ ਵੀ ਬੀਨੂੰ ਢਿੱਲੋਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।