ਡੇਂਗੂ ਨੂੰ ਬੇਅਸਰ ਕਰਨ ਲਈ ਸਿਹਤ ਵਿਭਾਗ ਦੀਆਂ 11 ਟੀਮਾਂ ਸਰਗਰਮ

13

November

2018

ਸ਼ੇਰਪੁਰ, ਡੇਂਗੂ ਦਾ ਡਟਕੇ ਮੁਕਾਬਲਾ ਕਰਨ ਲਈ ਪੰਚਾਇਤ ਵਿਭਾਗ ਨੇ ਕਮਰਕਸ ਲਈ ਹੈ ਅਤੇ ਨਾਲ ਹੀ ਸਿਹਤ ਵਿਭਾਗ ਦੀਆਂ ਦੋ ਸੁਪਰਵਾਈਜ਼ਰਾਂ ਦੀ ਦੇਖ-ਰੇਖ ’ਚ 11 ਟੀਮਾਂ ਸਰਗਰਮ ਹੋ ਗਈਆਂ ਹਨ। ਉਂਜ ਅੱਜ ਦੂਜੇ ਦਿਨ ਨਗਰ ਕੌਂਸਲ ਧੂਰੀ ਤੋਂ ਆਈ ਫੌਗਿੰਗ ਮਸ਼ੀਨ ਨੇ ਸ਼ੇਰਪੁਰ ਵਿੱਚ ਫੌਗਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਡੀਪੀਓ ਸ਼ੇਰਪੁਰ ਜੁਗਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਦੂਜੇ ਦਿਨ ਆਈ ਫੌਗਿੰਗ ਮਸ਼ੀਨ ਨੇ ਸ਼ੇਰਪੁਰ ’ਚ ਪੱਕੀ ਗਲੀ, ਸੈਂਸੀ ਬਸਤੀ, ਬੜੀ ਰੋਡ, ਛੰਨਾ ਰੋਡ, ਥਾਣੇ ਵਾਲੀ ਗਲੀ, ਸਿੰਗਲੇ ਵਾਲਾ ਏਰੀਆ ਅਤੇ ਕੁਝ ਹੋਰ ਥਾਵਾਂ ’ਤੇ ਫੌਗਿੰਗ ਕੀਤੀ। ਭਾਵੇਂ ਇਲਾਕੇ ਵਿੱਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਵੱਡੀ ਗਿਣਤੀ ਹੈ ਪਰ ਵਿਭਾਗ ਦੇ ਅੰਕੜਿਆਂ ਅਨੁਸਾਰ 70 ਪਿੰਡਾਂ ’ਚੋਂ ਹੁਣ ਤੱਕ ਡੇਂਗੂ ਦੇ 53 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਬਹੁਤੇ ਕਸਬਾ ਸ਼ੇਰਪੁਰ ਤੇ ਬਾਕੀ ਹੋਰ ਪਿੰਡਾਂ ਵਿੱਚੋਂ ਹਨ। ਉਂਜ ਸਿਹਤ ਵਿਭਾਗ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਡੇਂਗੂ ਦੀ ਸ਼ਨਾਖ਼ਤ ਕਰਨ ਅਲੀਜ਼ਾ ਟੈਸਟ ਕਰਨੇ ਸ਼ੁਰੂ ਕੀਤੇ ਹਨ, ਜਿਨ੍ਹਾਂ ਵਿੱਚੋਂ ਲੰਘੀ 9 ਨਵੰਬਰ ਤੱਕ ਕੁੱਲ 67 ਮਰੀਜ਼ਾਂ ਦੇ ਟੈਸਟ ਹੋਏ ਸਨ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਿੱਠੀਆਂ ਕੱਢਕੇ ਕਿਹਾ ਸੀ ਕਿ ਡੇਂਗੂ ਦਾ ਕੋਈ ਵੀ ਸ਼ੱਕੀ ਕੇਸ ਸਾਹਮਣੇ ਆਉਣ ’ਤੇ ਇਸਦੀ ਜਾਣਕਾਰੀ ਸਰਕਾਰੀ ਹਸਪਤਾਲ ਨੂੰ ਦਿੱਤੀ ਜਾਵੇ ਪਰ ਸ਼ੇਰਪੁਰ ’ਚੋਂ ਅਜਿਹੇ ਇੱਕ ਵੀ ਕੇਸ ਦੀ ਜਾਣਕਾਰੀ ਹਸਪਤਾਲ ਨੂੰ ਨਹੀਂ ਮਿਲੀ। ਸਿਹਤ ਵਿਭਾਗ ਦੇ ਐੱਸਆਈ ਰਾਜਵੀਰ ਸਿੰਘ ਨੇ ਸੰਪਰਕ ਕਰਨ ’ਤੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੇਜਰ ਸਿੰਘ, ਜਗਸੀਰ ਸਿੰਘ ਤੋਂ ਇਲਾਵਾ 11 ਟੀਮਾਂ ਲੋਕਾਂ ਨੂੰ ਡੇਂਗੂ ਪ੍ਰਤੀ ਸੁਚੇਤ ਕਰਨ ਲਈ ਘਰ-ਘਰ ਜਾ ਰਹੀਆਂ ਹਨ। ਬੁਖਾਰ ਦੇ ਮਰੀਜ਼ਾਂ ਦੀਆਂ ਸਲਾਈਡਾਂ ਤਿਆਰ ਕਰਕੇ ਮਲੇਰੀਏ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ ਇੱਕ ਹਜ਼ਾਰ ਸਲਾਈਡਾਂ ਤਿਆਰ ਕਰਨ ਦੇ ਬਾਵਜੂਦ ਹਾਲੇ ਤੱਕ ਮਲੇਰੀਏ ਦਾ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਪਾਇਆ ਗਿਆ। ਐੱਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਐੱਸਐੱਮਓ ਡਾ. ਜਸਵੰਤ ਸਿੰਘ ਨੇ ਨਿਰਦੇਸ਼ ਦਿੱਤੇ ਹਨ ਕਿ ਸ਼ੇਰਪੁਰ ਵਿੱਚ ਜਿੱਥੇ ਵੀ ਗੰਦਗੀ ਦੇ ਢੇਰ, ਕੂਰਾ ਕਰਕਟ ਦਿਸਦਾ ਹੈ, ਉਸਦੀ ਰਿਪੋਰਟ ਬਣਾਈ ਜਾਣੀ ਹੈ। ਇਹ ਰਿਪੋਰਟ ਲੋੜੀਂਦੀ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਬੀਡੀਪੀਓ ਜੁਗਰਾਜ ਸਿੰਘ ਨੇ ਸਿਹਤ ਵਿਭਾਗ ਵਲੋਂ ਕੱਢੇ ਗਏ ਪੱਤਰਾਂ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਦੱਸਿਆ ਕਿ ਉਹ ਫੌਗਿੰਗ ਕਰਵਾ ਰਹੇ ਹਨ ਅਤੇ ਡੇਂਗੂ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ।