ਧਰਮਸੋਤ ਦੀ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਅਧਿਆਪਕਾਂ ਦੀ ਖਿੱਚ-ਧੂਹ

13

November

2018

ਨਾਭਾ, ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਮਹੀਨੇ ਤੋਂ ਵੱਧ ਸਮੇਂ ਤੋਂ ਪਟਿਆਲਾ ਵਿਚ ਲੱਗੇ ‘ਪੱਕੇ ਮੋਰਚੇ’ ਦਾ ਸੇਕ ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੱਕ ਵੀ ਪਹੁੰਚ ਗਿਆ ਹੈ। ਮੁਲਾਜ਼ਮ ਫੈਡਰੇਸ਼ਨਾਂ ਅਤੇ ਹੋਰਨਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਦੇ ਸੂਬਾਈ ਫੈਸਲੇ ਤਹਿਤ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਥਾਨਕ ਰਿਹਾਇਸ਼ ਅੱਗੇ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੇ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਪੁਲੀਸ ਨੇ ਹੱਕ ਮੰਗਦੇ ਅਧਿਆਪਕਾਂ ਨੂੰ ਜਬਰੀ ਰੋਕਦਿਆਂ ਮਹਿਲਾ ਅਧਿਆਪਕਾਂ ਦੀ ਖਿੱਚ-ਧੂਹ ਵੀ ਕੀਤੀ। ਅਧਿਆਪਕਾਂ ਦੇ ਰੋਹ ਨੂੰ ਭਾਂਪਦਿਆਂ ਤਹਿਸੀਲਦਾਰ ਨਾਭਾ ਵੱਲੋਂ 14 ਨਵੰਬਰ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਚੰਡੀਗੜ੍ਹ ਵਿਚ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਵਾਹਿਆ ਗਿਆ। ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਵਿਕਰਮ ਦੇਵ ਸਿੰਘ, ਰਣਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਅੰਮੀਵਾਲ, ਅਤਿੰਦਰਪਾਲ ਘੱਗਾ, ਪਰਮਜੀਤ ਸਿੰਘ ਅਤੇ ਨਰਿੰਦਰ ਸਿੰਘ ਨੇ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਐੱਸ.ਐੱਸ.ਏ, ਰਮਸਾ, ਆਦਰਸ਼ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 65 ਤੋਂ 75% ਕਟੌਤੀ ਕਰਨ ਦਾ ਫੈਸਲਾ ਥੋਪਕੇ, ਠੇਕਾ ਆਧਾਰਿਤ 5178 ਅਧਿਆਪਕਾਂ, ਕੰਪਿਊਟਰ ਅਧਿਆਪਕਾਂ, ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ, ਆਈ.ਈ.ਵੀ, ਆਦਰਸ਼ ਸਕੂਲ (ਪੀ.ਪੀ.ਪੀ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਨਾ ਕਰਕੇ ਅਤੇ ਸਾਲਾਂ ਬੱਧੀ ਘੱਟ ਤਨਖਾਹਾਂ ’ਤੇ ਸ਼ੋਸ਼ਣ ਕੀਤਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੇ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ, ਸੰਘਰਸ਼ੀ ਅਧਿਆਪਕਾਂ ਦੀਆਂ ਮੁਅੱਤਲੀਆਂ, ਟਰਮੀਨੇਸ਼ਨਾਂ ਅਤੇ ਜਬਰੀ ਬਦਲੀਆਂ ਕਰਕੇ ਸੂਬੇ ਵਿੱਚ ਜਮਹੂਰੀ ਹੱਕਾਂ ਦਾ ਲਗਾਤਾਰ ਘਾਣ ਕੀਤਾ ਜਾ ਰਿਹਾ ਹੈ। ਅਧਿਆਪਕ ਮੋਰਚੇ, ਮੁਲਾਜ਼ਮ ਫੈਡਰੇਸ਼ਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਂ ਅਧਿਆਪਕਾਂ ਅਤੇ ਸਕੂਲੀ ਸਿੱਖਿਆ ਨਾਲ ਸਬੰਧਿਤ ਮੰਗ ਪੱਤਰ ਦਿੰਦਿਆਂ ਮੰਗ ਰੱਖੀ ਕਿ ਮੰਤਰੀ ਅਧਿਆਪਕ ਮੰਗਾਂ ’ਤੇ ਆਪਣਾ ਪੱਖ ਸਪੱਸ਼ਟ ਕਰਨ ਅਤੇ ਇਨ੍ਹਾਂ ਮੰਗਾਂ ਦੀ ਜਲਦ ਪੂਰਤੀ ਲਈ ਮੁੱਖ ਮੰਤਰੀ ਪੰਜਾਬ ਨੂੰ ਸਿਫਾਰਸ਼ ਪੱਤਰ ਭੇਜਣ।