ਕੈਪਟਨ ਸਰਕਾਰ ਰੁਜ਼ਗਾਰ ਦੇਣ ’ਚ ਨਾਕਾਮ: ਚੀਮਾ

13

November

2018

ਗੜ੍ਹਸ਼ੰਕਰ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਅੱਜ ਇੱਥੇ ਕਿਹਾ ਕਿ ਕੈਪਟਨ ਸਰਕਾਰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਸਮੇਤ ਹੋਰ ਕਈ ਬੁਨਿਆਦੀ ਮੁੱਦਿਆਂ ’ਤੇ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਤੇ ਸੂਬਾ ਪੱਛੜ ਗਿਆ ਹੈ। ਉਹ ਅੱਜ ਇੱਥੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਮੁਲਾਜ਼ਮ ਵੀ ਤੰਗ ਹਨ ਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਨੂੰ ਕੱਟ ਲਾਏ ਜਾ ਰਹੇ ਹਨ। ਘਰ-ਘਰ ਰੁਜ਼ਗਾਰ ਦੇ ਨਾਂ ’ਤੇ ਸੂਬੇ ਦੇ ਨੌਜਵਾਨਾਂ ਨੂੰ ਠੱਗਿਆ ਜਾ ਰਿਹਾ ਹੈ ਤੇ ਸਰਕਾਰੀ ਵਿਭਾਗਾਂ ਦੀ ਭਰਤੀ ਵੀ ਮੁਕੰਮਲ ਤੌਰ ’ਤੇ ਬੰਦ ਹੈ। ‘ਆਪ’ ਆਗੂ ਨੇ ਕਿਹਾ ਕਿ ਸੂਬੇ ਵਿਚ ਸਿਹਤ, ਸੁਰੱਖਿਆ ਤੇ ਸਿੱਖਿਆ ਢਾਂਚਾ ਬੁਰੀ ਤਰ੍ਹਾਂ ਉੱਖੜ ਚੁੱਕਾ ਹੈ ਜਦਕਿ ਸਰਕਾਰ ਇਸ ’ਤੇ ਕੰਮ ਕਰਨ ਦੀ ਬਜਾਏ ਮਹਿਜ਼ ਬਿਆਨਬਾਜ਼ੀ ਤੱਕ ਸਿਮਟ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਪੋਸਟ ਮੈਟ੍ਰਿਕ ਵਜ਼ੀਫ਼ੇ ਦੀ 800 ਕਰੋੜ ਰੁਪਏ ਦੀ ਰਾਸ਼ੀ ਤੇ ਮੌਜੂਦਾ ਸਰਕਾਰ ਵੇਲੇ ਦੀ 328 ਕਰੋੜ ਰੁਪਏ ਦੀ ਰਾਸ਼ੀ ਹੋਰ ਪਾਸੇ ਖ਼ਰਚ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਬੇਅਦਬੀ ਮਾਮਲਿਆਂ ਵਿਚੋਂ ਵੀ ਸਿਆਸੀ ਲਾਹਾ ਖੱਟਣ ਦੀ ਤਾਕ ਵਿਚ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਾ ਹੋਣਾ ਦੋਵਾਂ ਪਾਰਟੀਆਂ ਦੀ ਸਾਂਝ ਨੂੰ ਦਰਸਾਉਂਦਾ ਹੈ। ‘ਆਪ’ ਆਗੂਆਂ ਵਿਚਾਲੇ ਜਾਰੀ ਸਿਆਸੀ ਖਿੱਚੋਤਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕੋਈ ਫੁੱਟ ਨਹੀਂ ਹੈ। ਇਸ ਮੌਕੇ ਵਿਧਾਇਕ ਬੁੱਧ ਰਾਮ, ਪਾਰਟੀ ਦੇ ਲੋਕ ਸਭਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸੋਮਨਾਥ ਬੰਗੜ, ਚਰਨਜੀਤ ਚੰਨੀ ਤੇ ਹੋਰ ਹਾਜ਼ਰ ਸਨ। ਰੂਪਨਗਰ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਜੇ ਵੱਖਰਾ ਧੜਾ ਬਣਾ ਵੀ ਲੈਂਦੇ ਹਨ ਤਾਂ ਉਸ ਦਾ ਆਮ ਆਦਮੀ ਪਾਰਟੀ (ਆਪ) ਉੱਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਤੋਂ ਵੱਖ ਹੋਣ ਵਾਲੇ ਆਗੂਆਂ ਦਾ ਕੋਈ ਆਧਾਰ ਨਹੀਂ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਆਪਣੇ ਫ਼ੈਸਲੇ ਆਪ ਲੈ ਰਹੀ ਹੈ ਅਤੇ ਲੋਕ ਸਭਾ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।