ਪੱਕੇ ਮੋਰਚੇ ਨੂੰ ਨਿੱਘ ਦੇਣ ਲਈ ਤੰਬੂਆਂ-ਕਨਾਤਾਂ ਦਾ ਪ੍ਰਬੰਧ

13

November

2018

ਪਟਿਆਲਾ, ਸਾਂਝੇ ਅਧਿਆਪਕ ਮੋਰਚੇ ਵੱਲੋਂ ਇਥੇ ਲਗਾਏ ਪੱਕੇ ਮੋਰਚੇ ਦੇ ਤੰਬੂਆਂ ਨੂੰ ਵਧ ਰਹੀ ਠੰਢ ’ਚ ਨਿੱਘਾ ਬਣਾਈ ਰੱਖਣ ਲਈ ਚਾਰਾਜੋਈ ਆਰੰਭ ਦਿੱਤੀ ਗਈ ਹੈ| ਰਾਤ ਨੂੰ ਤੰਬੂਆਂ ਦੁਆਲੇ ਕਨਾਤਾਂ ਲਗਾ ਕੇ ਪੱਕੇ ਧਰਨੇ ਨੂੰ ਪੂਰੀ ਤਰ੍ਹਾਂ ਢੱਕਿਆ ਜਾਣ ਲੱਗਿਆ ਹੈ। ਇਸ ਤੋਂ ਇਲਾਵਾ ਹੜਤਾਲੀ ਅਧਿਆਪਕਾਂ ਲਈ ਰਜਾਈਆਂ ਤੇ ਕੰਬਲਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਧਰ ਪੱਕਾ ਧਰਨਾ 37ਵੇਂ ਦਿਨ ਨੂੰ ਵੀ ਪਾਰ ਕਰ ਗਿਆ ਤੇ ਰੋਜ਼ ਵਾਂਗ ਅੱਜ ਅਧਿਆਪਕਾਂ ਦਾ ਵੱਡਾ ਜਥਾ ਭੁੱਖ ਹੜਤਾਲ ’ਤੇ ਬੈਠਿਆ। ਪੱਕੇ ਮੋਰਚੇ ’ਚ ਅੱਜ ਮਾਨਸਾ ਤੇ ਮੁਕਤਸਰ ਜ਼ਿਲਿਆਂ ਦੇ ਅਧਿਅਪਕਾਂ ਸ਼ਿਰਕਤ ਕੀਤੀ। ਭਾਵੇਂ ਅਧਿਆਪਕਾਂ ਦੇ ਅੰਦੋਲਣ ਦੇ ਹੱਕ ’ਚ ਭਰਾਤਰੀ ਮੁਲਾਜ਼ਮ ਧਿਰਾਂ ਤੇ ਹੋਰ ਸੰਗਠਨ ਹਮਾਇਤ ’ਤੇ ਆ ਗਏ ਹਨ, ਪ੍ਰੰਤੂ ਸੂਬਾ ਸਰਕਾਰ ਇਸ ਅੰਦੋਲਨ ਪ੍ਰਤੀ ਹਾਲੇ ਤੱਕ ਪੂਰੀ ਤਰ੍ਹਾਂ ਬੇਖੌਫ਼ ਹੀ ਹੈ। ਮੋਰਚੇ ਦੇ ਆਗੂਆਂ ਵੱਲੋੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਗੱਲੋਂ ਕਟਹਿਰੇ ’ਚ ਲਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਮਸਲੇ ਦੀ ਸਰਕਾਰ ਨੂੰ ਸਹੀ ਤਸਵੀਰ ਦੇਣ ਦੀ ਬਜਾਏ ਗੁੰਮਰਾਹ ਕੀਤਾ ਜਾ ਰਿਹਾ ਹੈ, ਲਿਹਾਜ਼ਾ ਉਨ੍ਹਾਂ ਪ੍ਰਤੀ ਸਰਕਾਰ ਗੂੰਗੀ ਬਹਿਰੀ ਹੋ ਚੁੱਕੀ ਹੈ। ਅਧਿਆਪਕ ਆਗੂਆਾ ਹਰਦੀਪ ਟੋਡਰਪੁਰ, ਰਣਜੀਤ ਮਾਨ ਤੇ ਵਿਕਰਮਦੇਵ ਸਿੰਘ ਨੇ ਸੰਬੋਧਨ ਦੌਰਾਨ ਡਾਢ੍ਹੇ ਗਿਲੇ ’ਚ ਆਖਿਆ ਕਿ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਵੱਲੋਂ ਹਰ ਘਟੀਆ ਤੋਂ ਘਟੀਆ ਹੱਥਕੰਡਾ ਵਰਤ ਕੇ ਅਧਿਆਪਕਾਂ ਨੂੰ ਡਰਾ-ਧਮਕਾ ਕੇ ਆਪਸ਼ਨ ਕਲਿੱਕ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਦਾ ਅਧਿਆਪਕ ਜਥੇਬੰਦੀ ਵੱਲੋਂ ਮੂੰਹ ਤੋੜਵਾਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਿੱਖਿਆ ਅਧਿਕਾਰੀ ਨੇ ਪਹਿਲਾਂ ਤੋਂ ਕੰਮ ਕਰਦੇ ਅਧਿਆਪਕਾਂ ਦੀ ਥਾਂ ਤੇ ਕਿਸੇ ਹੋਰ ਅਧਿਆਪਕ ਨੂੰ ਜੁਆਇਨ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਜੱਥੇਬੰਦੀ ਵੱਲੋਂ ਅਜਿਹੇ ਅਧਿਕਾਰੀ ਦਾ ਘਿਰਾਓ ਕਰਨ ਤੋਂ ਇਲਾਵਾ ਅਜਿਹੇ ਅਧਿਆਪਕ ਦਾ ਵੀ ਬਾਈਕਾਟ ਕੀਤਾ ਜਾਵੇਗਾ। ਸਾਂਝਾ ਅਧਿਆਪਕ ਮੋਰਚੇ ਦੇ ਸੱਦੇ ’ਤੇ ਅੱਜ ਨਾਭਾ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ 13 ਨਵੰਬਰ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।